ਮਾਨਸੂਨ ਦੀ ਸੁਸਤੀ ਨਾਲ ਖੇਤੀ ’ਤੇ ਸੰਕਟ, ਬਿਜਾਈ 15 ਫੀਸਦੀ ਪੱਛੜੀ

Sunday, Jul 04, 2021 - 04:29 PM (IST)

ਮਾਨਸੂਨ ਦੀ ਸੁਸਤੀ ਨਾਲ ਖੇਤੀ ’ਤੇ ਸੰਕਟ, ਬਿਜਾਈ 15 ਫੀਸਦੀ ਪੱਛੜੀ

ਨਵੀਂ ਦਿੱਲੀ (ਵਿਸ਼ੇਸ਼) – ਮਾਨਸੂਨ ਦੀ ਵਿਗੜੀ ਚਾਲ ਨਾਲ ਦੇਸ਼ ’ਚ ਸਾਉਣੀ ਦੀ ਬਿਜਾਈ ਪੱਛੜ ਗਈ ਹੈ ਅਤੇ ਜੇ ਆਉਣ ਵਾਲੇ ਦਿਨਾਂ ’ਚ ਇਸ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਦੇਸ਼ ਦੀ ਪੇਂਡੂ ਅਰਥਵਿਵਸਥਾ ’ਤੇ ਤਾਂ ਇਸ ਦਾ ਅਸਰ ਪਵੇਗਾ ਹੀ, ਨਾਲ ਹੀ ਮਹਿੰਗਾਈ ਵੀ ਵਧਣ ਦਾ ਖਦਸ਼ਾ ਹੈ। ਸਰਕਾਰੀ ਡਾਟਾ ਮੁਤਾਬਕ 2 ਜੁਲਾਈ ਤੱਕ ਪਿਛਲੇ ਸਾਲ ਦੇ ਮੁਕਾਬਲੇ ਕਰੀਬ 15 ਫੀਸਦੀ ਘੱਟ ਬਿਜਾਈ ਹੋਈ ਹੈ। ਦਾਲਾਂ-ਤਿਲਹਨ, ਝੋਨਾ, ਮੱਕੀ ਸਾਰਿਆਂ ਦੀ ਬਿਜਾਈ ਪੱਛੜ ਰਹੀ ਹੈ।
ਕੁਝ ਇਲਾਕਿਆਂ ’ਚ ਸ਼ੁਰੂਆਤੀ ਮੀਂਹ ਤੋਂ ਬਾਅਦ ਬਿਜਾਈ ਸ਼ੁਰੂ ਵੀ ਹੋਈ ਸੀ ਪਰ ਹੁਣ ਉਨ੍ਹਾਂ ਇਲਾਕਿਆਂ ਤੋਂ ਮਾਨਸੂਨ ਗਾਇਬ ਹੈ ਅਤੇ ਮੀਂਹ ਨਾ ਪੈਣ ਕਾਰਨ ਬੀਜੀ ਫਸਲ ਖਰਾਬ ਹੋਣ ਦੇ ਆਸਾਰ ਹਨ। 26 ਜੂਨ ਤੱਕ ਦੇਸ਼ ’ਚ ਤਿਲਹਨ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ 13.01 ਫੀਸਦੀ ਘੱਟ ਹੋਈ ਸੀ ਅਤੇ ਇਹ ਕਮੀ 2 ਜੁਲਾਈ ਨੂੰ ਸਮਾਪਤ ਹੋਏ ਹਫਤੇ ’ਚ ਵਧ ਕੇ 16 ਫੀਸਦੀ ਹੋ ਗਈ ਹੈ।

ਸੋਇਆਬੀਨ ਦਾ ਰਕਬਾ 26 ਜੂਨ ਨੂੰ 9.91 ਫੀਸਦੀ ਘੱਟ ਸੀ ਅਤੇ ਹੁਣ ਇਸ ’ਚ 16 ਫੀਸਦੀ ਦੀ ਕਮੀ ਹੋ ਗਈ ਹੈ। ਦਾਲਾਂ ਦੀ ਬਿਜਾਈ 1.44 ਫੀਸਦੀ ਵੱਧ ਹੋਈ ਹੈ। ਅਰਹਰ ਦੀ ਬਿਜਾਈ 15.79 ਫੀਸਦੀ ਘੱਟ ਹੋਈ ਹੈ ਪਰ ਮਾਂਹ, ਮੂੰਗ ਦੀ ਬਿਜਾਈ 16.88 ਫੀਸਦੀ ਅਤੇ 23.72 ਫੀਸਦੀ ਜ਼ਿਆਦਾ ਰਹੀ ਹੈ।

ਸਾਉਣੀ ਦੀ ਪੱਛੜੀ ਬਿਜਾਈ

ਸੋਇਆਬੀਨ -16 ਫੀਸਦੀ
ਮੂੰਗਫਲੀ - 9 ਫੀਸਦੀ
ਅਰਹਰ- 10 ਫੀਸਦੀ
ਝੋਨਾ -5.86 ਫੀਸਦੀ
ਮੋਟਾ ਅਨਾਜ- 22.93 ਫੀਸਦੀ
ਕਾਟਨ -30.43 ਫੀਸਦੀ

ਤਿਲਹਨ ਦੀ ਬਿਜਾਈ ਪੱਛੜਨ ਕਾਰਨ ਮਹਿੰਗਾ ਹੋਵੇਗਾ ਤੇਲ
ਹਾਲਾਂਕਿ ਮੌਸਮ ਵਿਭਾਗ ਨੇ 7 ਜੁਲਾਈ ਤੋਂ ਬਾਅਦ ਦੇਸ਼ ’ਚ ਮਾਨਸੂਨ ਦੀ ਸਥਿਤੀ ’ਚ ਸੁਧਾਰ ਹੋਣ ਦਾ ਅਨੁਮਾਨ ਜਤਾਇਆ ਹੈ ਪਰ ਜੇ ਸਥਿਤੀ ’ਚ ਸੁਧਾਰ ਨਾ ਹੋਇਆ ਤਾਂ ਇਸ ਨਾਲ ਕਿਸਾਨਾਂ ਦੀ ਆਮਦਨ ਤਾਂ ਪ੍ਰਭਾਵਿਤ ਹੋਵੇਗੀ ਹੀ, ਇਸਦਾ ਸਿੱਧਾ ਅਸਰ ਦੇਸ਼ ਦੇ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਤੇ ਪਵੇਗਾ। ਦੁਨੀਆ ਭਰ ’ਚ ਤਿਲਹਨ ਦੀ ਕਮੀ ਕਾਰਨ ਪਹਿਲਾਂ ਹੀ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ਅਸਮਾਨ ਛੂੰਹ ਰਹੀਆਂ ਹਨ ਅਤੇ ਦੇਸ਼ ’ਚ ਇਸ ਦੀਆਂ ਕੀਮਤਾਂ ਨੂੰ ਕੰਟਰੋਲ ’ਚ ਲਿਆਉਣ ਲਈ ਸਰਕਾਰ ਨੂੰ ਇਨ੍ਹਾਂ ’ਤੇ ਦਰਾਮਦ ਡਿਊਟੀ ਘੱਟ ਕਰਨੀ ਪਈ ਹੈ। ਅਜਿਹੇ ’ਚ ਜੇ ਆਉਣ ਵਾਲੇ ਦਿਨਾਂ ’ਚ ਮਾਨਸੂਨ ਦੀ ਸਥਿਤੀ ’ਚ ਸੁਧਾਰ ਨਾ ਹੋਇਆ ਅਤੇ ਬਿਜਾਈ ਦੇ ਟੀਚੇ ਸਮੇਂ ਸਿਰ ਪੂਰੇ ਨਾ ਹੋਏ ਤਾਂ ਦੇਸ਼ ’ਚ ਖਾਣ ਵਾਲੇ ਤੇਲਾਂ ਦੀ ਮਹਿੰਗਾਈ ਹੋਰ ਜ਼ਿਆਦਾ ਵਧੇਗੀ।

ਜੀ. ਡੀ. ਪੀ. ’ਤੇ ਪੈ ਸਕਦੈ ਅਸਰ

ਖੇਤੀ ਪ੍ਰਧਾਨ ਦੇਸ਼ ’ਚ ਜੀ. ਡੀ. ਪੀ. ’ਚ ਖੇਤੀਬਾੜੀ ਖੇਤਰ ਦਾ ਅਹਿਮ ਯੋਗਦਾਨ ਹੈ ਅਤੇ ਪਿਛਲੇ ਸਾਲ ਕੋਰੋਨਾ ਮਹਾਮਾਰੀ ਦੌਰਾਨ ਵੀ ਜਦੋਂ ਇੰਡਸਟਰੀ ਅਤੇ ਸਰਵਿਸ ਸੈਕਟਰ ’ਤੇ ਬੁਰਾ ਅਸਰ ਪਿਆ ਤਾਂ ਖੇਤੀਬਾੜੀ ਖੇਤਰ ’ਚ ਆਈ ਗ੍ਰੋਥ ਦੇ ਦਮ ’ਤੇ ਹੀ ਦੇਸ਼ ਦੀ ਅਰਥਵਿਵਸਥਾ ’ਚ ਸੁਧਾਰ ਹੋਇਆ। ਪਿਛਲੇ ਸਾਲ ਦੇਸ਼ ’ਚ ਖੇਤੀਬਾੜੀ ਖੇਤਰ ਦੀ ਕੁੱਲ ਜੀ. ਡੀ. ਪੀ. ’ਚ ਹਿੱਸੇਦਾਰੀ 20 ਫੀਸਦੀ ਰਹੀ ਹੈ ਅਤੇ ਜੇ ਇਸ ਸਾਲ ਮਾਨਸੂਨ ’ਚ ਸੁਸਤੀ ਦਾ ਅਸਰ ਖੇਤੀਬਾੜੀ ਖੇਤਰ ’ਤੇ ਪਿਆ ਤਾਂ ਇਸ ਨਾਲ ਦੇਸ਼ ਦੀ ਜੀ. ਡੀ. ਪੀ. ਵੀ ਪ੍ਰਭਾਵਿਤ ਹੋਵੇਗੀ।

ਕਪਾਹ ਦੀ ਬਿਜਾਈ ਦੀ ਘਟਨਾ ਹੌਜ਼ਰੀ ਇੰਡਸਟਰੀ ਲਈ ਚਿੰਤਾ ਦਾ ਵਿਸ਼ਾ

ਮਾਨਸੂਨ ਨੇ ਦੇਸ਼ ਦੇ ਉਨ੍ਹਾਂ ਸੂਬਿਆਂ ’ਚ ਜ਼ਿਆਦਾ ਬੇਰੁਖੀ ਦਿਖਾਈ ਹੈ, ਜਿੱਥੇ ਕਪਾਹ ਦੀ ਖੇਤੀ ਹੁੰਦੀ ਹੈ। ਲਿਹਾਜਾ ਕਪਾਹ ਦੀ ਖੇਤੀ ਪਿਛਲੇ ਸਾਲ ਦੇ ਮੁਕਾਬਲੇ 30.43 ਫੀਸਦੀ ਘਟੀ ਹੋਈ ਹੈ।
ਹਾਲਾਂਕਿ ਪਿਛਲੇ ਇਕ ਹਫਤੇ ’ਚ ਕਪਾਹ ਦੀ ਬਿਜਾਈ ’ਚ ਥੋੜੀ ਤੇਜ਼ੀ ਆਈ ਹੈ ਕਿਉਂਕਿ 25 ਜੂਨ ਤੱਕ ਕਪਾਹ ਦੀ ਬਿਜਾਈ 34.55 ਫੀਸਦੀ ਘੱਟ ਸੀ।
ਕਪਾਹ ਦੀ ਬਿਜਾਈ ਪੱਛੜਨ ਦਾ ਸਭ ਤੋਂ ਜ਼ਿਆਦਾ ਅਸਰ ਦੇਸ਼ ਦੀ ਹੌਜ਼ਰੀ ਇੰਡਸਟਰੀ ’ਤੇ ਹੋ ਸਕਦਾ ਹੈ ਕਿਉਂਕਿ ਬਿਜਾਈ ’ਚ ਦੇਰੀ ਹੋਣ ਨਾਲ ਇਸ ਦਾ ਉਤਪਾਦਨ ਪ੍ਰਭਾਵਿਤ ਹੋ ਸਕਦਾ ਹੈ, ਜਿਸ ਨਾਲ ਕੀਮਤਾਂ ’ਚ ਤੇਜ਼ੀ ਆ ਸਕਦੀ ਹੈ ਅਤੇ ਆਮ ਆਦਮੀ ਨੂੰ ਕੱਪੜੇ ਵੀ ਮਹਿੰਗੇ ਖਰੀਦਣੇ ਪੈ ਸਕਦੇ ਹਨ।

ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਕਰਨਾਟਕ ’ਚ ਗੰਨੇ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ

ਕਪਾਹ ਅਤੇ ਤਿਲਹਨ ਦੀ ਬਿਜਾਈ ਭਾਂਵੇ ਹੀ ਪੱਛੜੀ ਹੋਈ ਹੈ ਪਰ ਦੇਸ਼ ’ਚ ਗੰਨੇ ਦੀ ਬਿਜਾਈ ’ਚ ਤੇਜ਼ੀ ਦਿਖਾਈ ਦੇ ਰਹੀ ਹੈ। 25 ਜੂਨ ਤੱਕ ਦੇ ਅੰਕੜਿਆਂ ਮੁਤਾਬਕ ਦੇਸ਼ ਭਰ ’ਚ 50.16 ਲੱਖ ਹੈਕਟੇਅਰ ਰਕਬੇ ’ਚ ਗੰਨੇ ਦੀ ਬਿਜਾਈ ਹੋ ਚੁੱਕੀ ਹੈ। ਪਿਛਲੇ ਸਾਲ ਇਸੇ ਮਿਆਦ ’ਚ ਦੇਸ਼ ਭਰ ’ਚ 49,85 ਲੱਖ ਹੈਕਟੇਅਰ ਰਕਬੇ ’ਚ ਗੰਨੇ ਦੀ ਬਿਜਾਈ ਹੋਈ ਸੀ।
ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਵਰਗੇ ਵੱਡੇ ਗੰਨਾ ਉਤਪਾਦਕ ਸੂਬਿਆਂ ਤੋਂ ਇਲਾਵਾ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਸਾਮ, ਕਰਨਾਟਕ ਵਰਗੇ ਸੂਬਿਆਂ ’ਚ ਗੰਨੇ ਦੀ ਬਿਜਾਈ ’ਚ ਤੇਜ਼ੀ ਦੇਖੀ ਗਈ ਹੈ ਜਦ ਕਿ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ ਅਤੇ ਓਡਿਸ਼ਾ ਗੰਨੇ ਦੀ ਬਿਜਾਈ ’ਚ ਪੱਛੜੇ ਹੋਏ ਹਨ।

ਪੰਜਾਬ ਝੋਨੇ ਦੀ ਬਿਜਾਈ ’ਚ ਅੱਗੇ, ਕਪਾਹ ’ਚ ਪੱਛੜਿਆ

ਇਸ ਸਾਉਣੀ ਸੀਜ਼ਨ ’ਚ ਦੇਸ਼ ਦੇ ਕਈ ਸੂਬਿਆਂ ’ਚ ਝੋਨੇ ਦੀ ਫਸਲ ਦੀ ਬਿਜਾਈ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਪੰਜਾਬ ’ਚ ਵੀ ਝੋਨੇ ਦੀ ਬਿਜਾਈ ਪਿਛਲੇ ਸਾਲ ਦੇ ਮੁਕਾਬਲੇ ਤੇਜ਼ੀ ਨਾਲ ਹੋ ਰਹੀ ਹੈ। 25 ਜੂਨ ਦੇ ਖੇਤੀਬਾੜੀ ਵਿਭਾਗ ਦੇ ਵਿਸਤਾਰਪੂਰਵਕ ਅੰਕੜਿਆਂ ਮੁਤਾਬਕ ਦੇਸ਼ ’ਚ 36.15 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਹੋ ਚੁੱਕੀ ਸੀ ਅਤੇ ਇਹ ਪਿਛਲੇ ਸਾਲ ਦੇ ਮੁਕਾਬਲੇ 1.53 ਲੱਖ ਹੈਕਟੇਅਰ ਵਧੀ ਹੈ। ਪੰਜਾਬ ’ਚ 25 ਜੂਨ ਤੱਕ 1.34 ਲੱਖ ਹੈਕਟੇਅਰ ’ਚ ਝੋਨੇ ਦੀ ਬਿਜਾਈ ਹੋਈ ਹੈ। ਹਾਲਾਂਕਿ ਪੰਜਾਬ ਦੇ ਮਾਲਵਾ ਖੇਤਰ ’ਚ ਕਪਾਹ ਦੀ ਬਿਜਾਈ ਪੱਛੜ ਗਈ ਹੈ। ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਦੇਸ਼ ’ਚ 25 ਜੂਨ ਤੱਕ 37.14 ਲੱਖ ਹੈਕਟੇਅਰ ਰਕਬੇ ’ਚ ਕਪਾਹ ਦੀ ਬਿਜਾਈ ਹੋਈ ਹੈ ਅਤੇ ਕਪਾਹ ਦੀ ਬਿਜਾਈ ਵਾਲੇ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼ ਸਮੇਤ ਪੰਜਾਬ ’ਚ ਵੀ ਕਪਾਹ ਦੀ ਬਿਜਾਈ ਕਾਫੀ ਪੱਛੜ ਗਈ ਹੈ।

ਇਹ ਵੀ ਪੜ੍ਹੋ : ਸਸਤੇ 'ਚ ਗੈਸ ਸਿਲੰਡਰ ਭਰਾਉਣ ਦਾ ਮੌਕਾ, ਇਸ ਆਫ਼ਰ ਤਹਿਤ ਮਿਲ ਰਹੀ ਹੈ ਭਾਰੀ ਛੋਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News