ਕੋਵਿਡ ਮੈਡੀਕਲੇਮਸ ਦੇ ਦਾਅਵਿਆਂ ’ਚ ਵੱਡਾ ਉਛਾਲ, ਪਿਛਲੇ ਵਿੱਤੀ ਸਾਲ ਦੇ 57 ਫੀਸਦੀ ’ਤੇ ਪਹੁੰਚ ਗਿਆ ਅੰਕੜਾ

Friday, May 21, 2021 - 12:24 PM (IST)

ਕੋਵਿਡ ਮੈਡੀਕਲੇਮਸ ਦੇ ਦਾਅਵਿਆਂ ’ਚ ਵੱਡਾ ਉਛਾਲ, ਪਿਛਲੇ ਵਿੱਤੀ ਸਾਲ ਦੇ 57 ਫੀਸਦੀ ’ਤੇ ਪਹੁੰਚ ਗਿਆ ਅੰਕੜਾ

ਮੁੰਬਈ (ਟਾ.) – ਕੋਵਿਡ ਕਾਰਨ ਹੈਲਥ ਇੰਸ਼ੋਰੈਂਸ ਕਲੇਮ ਦਾ ਅੰਕੜਾ ਇਸ ਵਿੱਤੀ ਸਾਲ ’ਚ ਬੇਹੱਦ ਉੱਚ ਪੱਧਰ ’ਤੇ ਪਹੁੰਚ ਚੁੱਕਾ ਹੈ। 1 ਅਪ੍ਰੈਲ 2021 ਤੋਂ ਲੈ ਕੇ ਹੁਣ ਤੱਕ ਕੋਵਿਡ ਕਾਰਨ ਹੋਏ ਹੈਲਥ ਇੰਸ਼ੋਰੈਂਸ ਕਲੇਮ ਪਿਛਲੇ ਵਿੱਤੀ ਸਾਲ ’ਚ ਫਾਈਲ ਹੋਏ ਕਲੇਮ ਤੋਂ 57 ਫੀਸਦੀ ’ਤੇ ਪਹੁੰਚ ਚੁੱਕੇ ਹਨ। ਨਾਨ-ਲਾਈਫ ਇੰਸ਼ੋਰੈਂਸ ਕੰਪਨੀਆਂ ਦਾਅਵਿਆਂ ’ਚ ਤੇਜ਼ ਵਾਧਾ ਦੇਖ ਰਹੀਆਂ ਹਨ ਅਤੇ ਜੇ ਅਜਿਹਾ ਹੀ ਰਿਹਾ ਤਾਂ ਇਸ ਨਾਲ ਉਨ੍ਹਾਂ ਦੀ ਬੈਲੇਂਸ ਸ਼ੀਟ ਪ੍ਰਭਾਵਿਤ ਹੋ ਸਕਦੀ ਹੈ।

ਇਕ ਰਿਪੋਰਟ ਮੁਤਾਬਕ 31 ਮਾਰਚ ਤੱਕ ਹੈਲਥ ਇੰਸ਼ੋਰੈਂਸ ਸਮੇਤ ਨਾਨ-ਲਾਈਫ ਇੰਸ਼ੋਰੈਂਸ ਕੰਪਨੀਆਂ ਨੂੰ ਕੋਵਿਡ-19 ਦੇ ਇਲਾਜ ਲਈ 9.8 ਲੱਖ ਦਾਅਵੇ ਪ੍ਰਾਪਤ ਹੋਏ, ਜਿਨ੍ਹਾਂ ਦੀ ਵੈਲਯੂ 14,560 ਕਰੋੜ ਰੁਪਏ ਸੀ। 14 ਮਈ 2021 ਤੱਕ ਇਹ ਅੰਕੜਾ 22,955 ਕਰੋੜ ਰੁਪਏ ਦੇ 14.8 ਲੱਖ ਦਾਅਵਿਆਂ ਤੱਕ ਪਹੁੰਚ ਗਿਆ। ਇਸ ਦਾ ਅਰਥ ਹੈ ਕਿ ਵਿੱਤੀ ਸਾਲ 2021-22 ਦੇ ਪਹਿਲੇ 44 ਦਿਨਾਂ ’ਚ ਕੋਵਿਡ ਕਲੇਮ ਦੀ ਅਮਾਊਂਟ 8385 ਕਰੋੜ ਰੁਪਏ ’ਤੇ ਪਹੁੰਚ ਗਈ ਜੋ ਪਿਛਲੇ ਵਿੱਤੀ ਸਾਲ ’ਚ ਮਹਾਮਾਰੀ ਸਬੰਧੀ ਦਾਅਵਿਆਂ ਦਾ 57 ਫੀਸਦੀ ਹੈ।

ਪਿਛਲੇ ਸਾਲ ਦੀ ਪ੍ਰੀਮੀਅਮ ਵਧਾਉਣ ਦਾ ਐਡਵਾਂਟੇਜ

ਪਿਛਲੇ ਸਾਲ ਹੈਲਥ ਇੰਸ਼ੋਰੈਂਸ ਕੰਪਨੀਆਂ ਕੋਲ ਪ੍ਰੀਮੀਅਮ ਰੇਟ ਵਧਾਉਣ ਦਾ ਐਡਵਾਂਟੇਜ ਸੀ। ਪਿਛਲੇ ਵਿੱਤੀ ਸਾਲ ਦੀ ਪਹਿਲੀ ਛਿਮਾਹੀ ’ਚ ਲਾਕਡਾਊਨ ਕਾਰਨ ਘੱਟ ਦਾਅਵੇ ਪ੍ਰਾਪਤ ਹੋਏ ਅਤੇ ਜ਼ਿਆਦਾਤਰ ਇਲਾਜ ਸਰਕਾਰੀ ਹਸਪਤਾਲਾਂ ’ਚ ਹੋਏ। ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਦੇ ਚੇਅਰਮੈਨ ਅਤੁਲ ਸਹਾਏ ਮੁਤਾਬਕ ਪਿਛਲੇ ਸਾਲ ਵੀ ਦਾਅਵੇ ਆਏ ਸਨ ਪਰ ਸਾਨੂੰ ਬੈਲੇਂਸ ਸ਼ੀਟ ’ਤੇ ਅਸਰ ਪੈਣ ਦੀ ਚਿੰਤਾ ਨਹੀਂ ਸੀ ਪਰ ਇਸ ਸਾਲ ਇਹ ਚਿੰਤਾ ਪੈਦਾ ਹੋ ਗਈ ਹੈ। ਬਜਾਜ ਅਲਾਇੰਸ ਮੁਤਾਬਕ ਕੋਵਿਡ ਮੈਡੀਕਲੇਮਸ ਦੇ ਦਾਅਵਿਆਂ ਦੀ ਵਧਦੀ ਗਿਣਤੀ ਟੀਅਰ-2 ਅਤੇ ਟੀਅਰ-3 ਸ਼ਹਿਰਾਂ ’ਚ ਦੇਖੀ ਜਾ ਰਹੀ ਹੈ। ਬਜਾਜ ਅਲਾਇੰਸ ਦਾ ਇਹ ਵੀ ਕਹਿਣਾ ਹੈ ਕਿ ਇਸ ਵਾਰ ਹਸਪਤਾਲ ’ਚ ਰੁਕਣ ਦੀ ਮਿਆਦ 9 ਦਿਨਾਂ ਤੋਂ ਘਟ ਕੇ 6 ਦਿਨ ਰਹਿ ਗਈ ਹੈ।


author

Harinder Kaur

Content Editor

Related News