ਕੋਵਿਡ-19 : ਸੇਬੀ ਨੇ ਬ੍ਰੋਕਰਾਂ ਲਈ ਰਿਪੋਰਟ ਜਮ੍ਹਾ ਕਰਨ ਦੀ ਸਮਾਂ ਹੱਦ 30 ਜੂਨ ਤਕ ਵਧਾਈ
Saturday, May 16, 2020 - 12:14 AM (IST)
ਨਵੀਂ ਦਿੱਲੀ (ਭਾਸ਼ਾ)-ਬਾਜ਼ਾਰ ਰੈਗੂਲੇਟਰੀ ਸੇਬੀ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਬ੍ਰੋਕਰਾਂ ਲਈ ਗਾਹਕਾਂ ਦੀ ਫੰਡਿੰਗ ਅਤੇ ਰੋਜ਼ਾਨਾ ਮਾਰਜਨ ਸਬੰਧੀ ਰਿਪੋਰਟ ਜਮ੍ਹਾ ਕਰਨ ਦੀ ਸਮਾਂ-ਹੱਦ 30 ਜੂਨ ਤਕ ਵਧਾ ਦਿੱਤੀ। ਰੈਗੂਲੇਟਰੀ ਨੇ ਦੂਜੀ ਵਾਰ ਬ੍ਰੋਕਰਾਂ ਲਈ ਸਮਾਂ-ਹੱਦ 'ਚ ਵਾਧਾ ਕੀਤਾ ਹੈ ।
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਨੇ ਇਕ ਸਰਕੁਲਰ 'ਚ ਕਿਹਾ ਕਿ ਸ਼ੇਅਰ ਬਾਜ਼ਾਰ ਦੇ ਪ੍ਰਤੀਨਿਧੀਆਂ ਦੇ ਨਾਲ ਹਾਲਾਤ ਦੀ ਸਮੀਖਿਆ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ। ਸੇਬੀ ਨੇ ਅਪ੍ਰੈਲ ਮਹੀਨੇ ਅਤੇ ਮਾਰਚ ਤਿਮਾਹੀ ਦੀ ਰਿਪੋਰਟ ਜਮ੍ਹਾ ਕਰਨ ਲਈ ਬ੍ਰੋਕਰਾਂ ਨੂੰ 30 ਜੂਨ ਤੱਕ ਦਾ ਸਮਾਂ ਦਿੱਤਾ ਹੈ। ਇਹ ਰਿਪੋਰਟ 31 ਮਈ ਤੱਕ ਜਮ੍ਹਾ ਕਰਨੀ ਸੀ। ਇਸ ਤੋਂ ਇਲਾਵਾ ਸੇਬੀ ਨੇ ਕੇ. ਵਾਈ. ਸੀ. ਜਾਣਕਾਰੀ ਜਮ੍ਹਾ ਕਰਨ ਸਬੰਧੀ ਵੀ ਨਿਯਮਾਂ 'ਚ ਢਿੱਲ ਦਿੱਤੀ ਹੈ।