ਕੋਰੋਨਾ ਕਾਲ 'ਚ ਸੋਨੇ ਦੀ ਮੰਗ ਘਟੀ, ਆਯਾਤ 'ਚ ਵੀ ਭਾਰੀ ਗਿਰਾਵਟ

Saturday, Jul 04, 2020 - 02:58 PM (IST)

ਕੋਰੋਨਾ ਕਾਲ 'ਚ ਸੋਨੇ ਦੀ ਮੰਗ ਘਟੀ, ਆਯਾਤ 'ਚ ਵੀ ਭਾਰੀ ਗਿਰਾਵਟ

ਨਵੀਂ ਦਿੱਲੀ (ਭਾਸ਼ਾ) : ਚਾਲੂ ਖ਼ਾਤਾ ਘਾਟਾ (ਸੀ.ਏ.ਡੀ.) ’ਤੇ ਅਸਰ ਪਾਉਣ ਵਾਲੇ, ਸੋਨੇ ਦਾ ਆਯਾਤ ਵਿੱਤ ਸਾਲ 2020-21 ਦੇ ਪਹਿਲੇ ਦੋ ਮਹੀਨਿਆਂ ਦੌਰਾਨ ਘੱਟ ਕੇ 7.914 ਕਰੋੜ ਡਾਲਰ ਦਾ ਰਹਿ ਗਿਆ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਸ ਗਿਰਾਵਟ ਦਾ ਕਾਰਨ ਕੋਵਿਡ-19 ਲਾਗ (ਮਹਾਮਾਰੀ) ਦੇ ਮੱਦੇਨਜ਼ਰ ਮੰਗ ਵਿਚ ਭਾਰੀ ਕਮੀ ਦਾ ਹੋਣਾ ਹੈ। ਸਾਲ 2019-20 ਦੀ ਇਸ ਮਿਆਦ ਵਿਚ ਸੋਨੇ ਦਾ ਆਯਾਤ 8.75 ਅਰਬ ਡਾਲਰ ਦਾ ਹੋਇਆ ਸੀ। ਸੋਨੇ ਦੇ ਆਯਾਤ ਵਿਚ ਗਿਰਾਵਟ ਨਾਲ ਦੇਸ਼ ਦੇ ਵਪਾਰ ਘਾਟੇ? (ਆਯਾਤ ਅਤੇ ਨਿਰਯਾਤ ਵਿਚਾਲੇ ਦੇ ਅੰਤਰ) ਨੂੰ ਘੱਟ ਕਰਨ ਵਿਚ ਮਦਦ ਮਿਲੀ ਹੈ। ਆਯਾਤ ਅਤੇ ਨਿਰਯਾਤ ਵਿਚਾਲੇ ਦਾ ਅੰਤਰ, ਉਕਤ ਮਿਆਦ ਦੌਰਾਨ ਘੱਟ ਕੇ 9.91 ਅਰਬ ਡਾਲਰ ਰਹਿ ਗਿਆ ਜੋ ਸਾਲ ਭਰ ਪਹਿਲਾਂ 30.7 ਅਰਬ ਡਾਲਰ ਦਾ ਸੀ।

ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਵਪਾਰ ਘਾਟੇ ਦੇ ਘੱਟ ਹੋਣ ਕਾਰਨ ਭਾਰਤ ਨੇ ਜਨਵਰੀ-ਮਾਰਚ ਤੀਮਾਹੀ ਵਿਚ 0.6 ਅਰਬ ਡਾਲਰ ਅਤੇ ਜੀ.ਡੀ.ਪੀ. ਦੇ 0.1 ਫ਼ੀਸਦੀ ਦੇ ਬਰਾਬਰ ਚਾਲੂ ਖ਼ਾਤਾ ਸਰਪਲੱਸ ਬਚਿਆ ਹੈ ਜਦੋਂ ਕਿ ਪਿਛਲੇ ਸਾਲ ਇਸੇ ਮਿਆਦ ਵਿਚ 4.6 ਅਰਬ ਡਾਲਰ ਅਤੇ ਜੀ.ਡੀ.ਪੀ. ਦਾ 0.7 ਫ਼ੀਸਦੀ ਦਾ ਘਾਟਾ ਦਰਜ ਕੀਤਾ ਗਿਆ ਸੀ। ਪਿਛਲੇ ਸਾਲ ਦਸੰਬਰ ਤੋਂ ਸੋਨੇ ਦੇ ਆਯਾਤ ਵਿਚ ਗਿਰਾਵਟ ਆ ਰਹੀ ਹੈ। ਮਾਰਚ, ਅਪ੍ਰੈਲ ਅਤੇ ਮਈ ਵਿਚ ਇਹ ਗਿਰਾਵਟ ਕਰਮਵਾਰ 62.6 ਫ਼ੀਸਦੀ, 99.93 ਫ਼ੀਸਦੀ ਅਤੇ 98.4 ਫ਼ੀਸਦੀ ਰਹੀ। ਭਾਰਤ ਸੋਨੇ ਦਾ ਸਭ ਤੋਂ ਵੱਡਾ ਆਯਾਤਕ ਹੈ, ਜੋ ਮੁੱਖ ਰੂਪ ਨਾਲ ਗਹਿਣਿਆਂ ਦੇ ਉਦਯੋਗ ਦੀ ਮੰਗ ਨੂੰ ਪੂਰਾ ਕਰਦਾ ਹੈ।  ਮਾਤਰਾ ਦੇ ਸੰਦਰਭ ਵਿਚ ਦੇਸ਼ ਸਾਲਾਨਾ 800-900 ਟਨ ਸੋਨੇ ਦਾ ਆਯਾਤ ਕਰਦਾ ਹੈ। ਅਪ੍ਰੈਲ-ਮਈ 2020 ਵਿਚ ਹੀਰੇ ਅਤੇ ਗਹਿਣਿਆਂ ਦਾ ਨਿਰਯਾਤ 82.46 ਫ਼ੀਸਦੀ ਘੱਟ ਕੇ 1.1 ਅਰਬ ਡਾਲਰ ਰਿਹਾ। ਇਸੇ ਤਰ੍ਹਾਂ 2020-21 ਦੇ ਪਹਿਲੇ 2 ਮਹੀਨਿਆਂ ਦੌਰਾਨ ਚਾਂਦੀ ਦਾ ਆਯਾਤ ਵੀ 30.7 ਫ਼ੀਸਦੀ ਘੱਟ ਕੇ 43.789 ਕਰੋੜ ਡਾਲਰ ਰਿਹਾ।


author

cherry

Content Editor

Related News