ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ''ਤੇ ਸਰਕਾਰੀ ਕੰਟਰੋਲ ਤੋਂ ਬੇਅਸਰ ਕੰਪਨੀਆਂ

Thursday, Aug 02, 2018 - 03:49 PM (IST)

ਮੈਡੀਕਲ ਉਪਕਰਣਾਂ ਦੀਆਂ ਕੀਮਤਾਂ ''ਤੇ ਸਰਕਾਰੀ ਕੰਟਰੋਲ ਤੋਂ ਬੇਅਸਰ ਕੰਪਨੀਆਂ

ਨਵੀਂ ਦਿੱਲੀ — ਸਰਕਾਰ ਨੇ ਬੀਮਾਰੀਆਂ ਦੇ ਇਲਾਜ ਲਈ ਵਰਤੇ ਜਾਣ ਵਾਲੇ ਉਪਕਰਣਾਂ ਦੀਆਂ ਕੀਮਤਾਂ 'ਤੇ ਆਪਣਾ ਕੰਟਰੋਲ ਰੱਖਣ ਦੇ ਬੇਸ਼ੱਕ ਉਪਾਅ ਕੀਤੇ ਹਨ, ਪਰ ਬਹੁਰਾਸ਼ਟਰੀ ਕੰਪਨੀਆਂ ਨੂੰ ਲੱਗਦਾ ਇਸ ਨਾਲ ਕੋਈ ਫਰਕ ਨਹੀਂ ਪਿਆ। ਪਿਛਲੇ ਇਕ ਸਾਲ 'ਚ ਆਯਾਤ ਲਈ ਕੁੱਲ 2,000 ਲਾਇਸੈਂਸ ਜਾਰੀ ਹੋਏ ਜਿਨ੍ਹਾਂ ਵਿਚੋਂ 80 ਫੀਸਦੀ ਦੇ ਕਰੀਬ ਤਾਂ ਬਹੁਰਾਸ਼ਟਰੀ ਕੰਪਨੀਆਂ ਨੇ ਹੀ ਹਾਸਲ ਕੀਤੇ ਹਨ। ਇੰਨਾ ਹੀ ਨਹੀਂ ਸਟੇਂਟ ਵਰਗੇ ਅਹਿਮ ਉਪਰਕਰਣ ਦੇ ਆਯਾਤ 'ਚ ਇਨ੍ਹਾਂ ਕੰਪਨੀਆਂ ਦੀਆਂ ਬਾਜ਼ਾਰ ਹਿੱਸੇਦਾਰੀ ਬਹੁਤ ਜ਼ਿਆਦਾ ਵਧ ਗਈ ਹੈ। 
ਕੰਪਨੀਆਂ ਦੀ ਵਧੀ ਹਿੱਸੇਦਾਰੀ
ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਸੰਗਠਨ(CDSCO) ਦੇ ਸੂਤਰਾਂ ਮੁਤਾਬਕ ਮੈਡੀਕਲ ਉਪਕਰਣਾਂ ਦੇ ਆਯਾਤ ਲਈ ਜਿੰਨੇ ਵੀ ਲਾਇਸੈਂਸ ਦਿੱਤੇ ਗਏ ਉਨ੍ਹਾਂ ਵਿਚੋਂ 80 ਫੀਸਦੀ ਬਹੁਰਾਸ਼ਟਰੀ ਕੰਪਨੀਆਂ ਨੇ ਹੀ ਹਾਸਲ ਕੀਤੇ ਹਨ। ਇਨ੍ਹਾਂ ਵਿਚੋਂ ਜਾਨਸਨ ਐਂਡ ਜਾਨਸਨ, ਏਬਟ, ਮੇਡੀਆਟ੍ਰਾਨਿਕ, ਬਾਸਟਨ ਸਾਇੰਟਿਫਿਕ, ਬੈਕਟਨ ਡਿਕਿਨਸਨ ਸ਼ਾਮਲ ਹਨ। ਇਨ੍ਹਾਂ ਵਿਚੋਂ ਕੁਝ ਕੰਪਨੀਆਂ ਗੋਡਾ ਬਦਲਣ ਅਤੇ ਸਟੇਂਟ ਆਦਿ ਵਰਗੇ ਉਪਕਰਣਾਂ ਦਾ ਆਯਾਤ ਕਰਦੀਆਂ ਹਨ। 
ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ 'ਚ ਬਹੁਰਾਸ਼ਟਰੀ ਕੰਪਨੀਆਂ ਦੀ ਭਾਰਤੀ ਬਾਜ਼ਾਰ 'ਚ ਹਿੱਸੇਦਾਰੀ ਵਧ ਗਈ ਹੈ। ਬਾਜ਼ਾਰ ਸੂਤਰਾਂ ਮੁਤਾਬਕ ਸਟੇਂਟ ਸ਼੍ਰੇਣੀ 'ਚ ਏਬਟ ਦੀ ਹਿੱਸੇਦਾਰੀ 25-30 ਫੀਸਦੀ ਤੋਂ ਵਧ ਕੇ 38.4 ਫੀਸਦੀ ਹੋ ਗਈ ਹੈ। ਇਸੇ ਤਰ੍ਹਾਂ ਸਟੇਂਟ ਦੀ ਕੀਮਤ ਦਾ ਪੱਧਰ ਤੈਅ ਕੀਤੇ ਜਾਣ ਤੋਂ ਪਹਿਲਾਂ ਮੇਡੀਆਟ੍ਰਾਨਿਕ ਦੀ ਬਾਜ਼ਾਰ ਹਿੱਸੇਦਾਰੀ 10 ਫੀਸਦੀ ਹੀ ਸੀ, ਜੋ ਕਿ ਹੁਣ ਵਧ ਕੇ 13.5 ਫੀਸਦੀ ਹੋ ਗਈ ਹੈ। 
ਕੋਰੋਨਰੀ ਸਟੇਂਟ ਦੀ ਕੀਮਤ ਨੂੰ ਫਰਵਰੀ 2017 'ਚ ਕੀਮਤ ਨਿਰਧਾਰਨ ਦੇ ਦਾਇਰੇ ਵਿਚ ਲਿਆਂਦਾ ਗਿਆ ਸੀ। ਇਸ ਦੀ ਕੀਮਤ ਵਿਚ 80 ਫੀਸਦੀ ਦੀ ਕਟੌਤੀ ਕੀਤੀ ਗਈ ਸੀ। ਹਾਲਾਂਕਿ ਬਹੁਰਾਸ਼ਟਰੀ ਦਵਾਈ ਕੰਪਨੀਆਂ ਦਾ ਦਾਅਵਾ ਹੈ ਕਿ ਕੀਮਤਾਂ 'ਤੇ ਕੰਟਰੋਲ ਉਨ੍ਹਾਂ ਲਈ ਅਨੁਕੂਲ ਨਹੀਂ ਹੈ, ਪਰ ਮੈਡੀਕਲ ਤਕਨਾਲੋਜੀ ਐਸੋਸੀਏਸ਼ਨ ਆਫ ਇੰਡੀਆ ਕੁਝ ਹੋ ਹੀ ਕਹਿੰਦਾ ਹੈ।

PunjabKesari
ATAI ਨੇ ਕਿਹਾ,'ਮੈਡੀਕਲ ਜੰਤਰਾਂ ਨਾਲ ਸਬੰਧਤ ਨਿਯਮਾਂ ਨੂੰ 1 ਜਨਵਰੀ 2018 ਤੋਂ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਸੀ.ਡੀ.ਐੱਸ.ਓ. ਨੇ ਦਸੰਬਰ 2017 'ਚ ਵਿਆਪਕ ਰਜਿਸਟ੍ਰੇਸ਼ਨ ਕੀਤੇ। ਤਕਰੀਬਨ ਹਰੇਕ ਲਟਕੀ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਸ ਦੇ ਬਾਵਜੂਦ ਅੰਤਰਰਾਸ਼ਟਰੀ ਕੰਪਨੀਆਂ ਨੇ ਭਾਰਤ 'ਚ ਆਪਣੇ ਜੰਤਰਾਂ ਦੀ ਮਾਰਕੀਟਿੰਗ ਦੀਆਂ ਅਰਜ਼ੀਆਂ ਘੱਟ ਨਹੀਂ ਕੀਤੀਆਂ। ਕੀਮਤਾਂ 'ਤੇ ਸਰਕਾਰੀ ਦਖਲਅੰਦਾਜ਼ੀ ਕਾਰਨ ਏਬਟ ਨੇ ਆਪਣੇ ਪੂਰੀ ਤਰ੍ਹਾਂ ਘੁਲਣ ਵਾਲੇ ਸਟੇਂਟ ਨੂੰ ਭਾਰਤੀ ਬਾਜ਼ਾਰ ਤੋਂ ਹਟਾ ਲਿਆ ਸੀ। ਪਰ ਕਿਸੇ ਹੋਰ ਕੰਪਨੀ ਨੇ ਆਪਣਾ ਕੋਈ ਵੀ ਮੈਡੀਕਲ ਜੰਤਰ ਬਾਜ਼ਾਰ 'ਚੋਂ ਨਹੀਂ ਕੱਢਿਆ। ਅੰਕੜਿਆਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਕੀਮਤਾਂ 'ਤੇ ਕੰਟਰੋਲ ਕਰਨ ਨਾਲ ਅਸਲ 'ਚ ਉਦਯੋਗ ਦੀ ਵਿਕਰੀ ਵਧੀ ਹੈ ਅਤੇ ਇਸ ਨਾਲ ਜ਼ਿਆਦਾਤਰ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ 'ਚ ਵਾਧਾ ਹੋਇਆ ਹੈ।
ਅੰਤਰਦੇਸ਼ੀ ਕੰਪਨੀਆਂ ਨੂੰ ਵੀ ਮਿਲਿਆ ਲਾਭ
ਹਾਲਾਂਕਿ ਕੀਮਤਾਂ 'ਤੇ ਕੰਟਰੋਲ ਨਾਲ ਸਿਰਫ ਬਹੁਰਾਸ਼ਟਰੀ ਦਵਾਈ ਕੰਪਨੀਆਂ ਨੂੰ ਹੀ ਫਾਇਦਾ ਨਹੀਂ ਹੋਇਆ। ਸੂਰਤ ਦੀ ਕੰਪਨੀ ਸਹਜਾਨੰਦ ਮੈਡੀਕਲ ਤਕਨਾਲੋਜੀ ਅਤੇ ਦਿੱਲੀ ਦੀ ਟ੍ਰਾਂਸਲਿਊਮਿਨਾ ਦੀ ਬਾਜ਼ਾਰ ਹਿੱਸੇਦਾਰੀ 'ਚ ਵੀ ਤੇਜ਼ੀ ਵਧੀ ਹੈ। ਦੋਵਾਂ ਕੰਪਨੀਆਂ ਦੀ ਹਿੱਸੇਦਾਰੀ 10 ਫੀਸਦੀ ਤੋਂ ਵਧ ਕੇ ਕਰੀਬ 16 ਫੀਸਦੀ 'ਤੇ ਪਹੁੰਚ ਗਈ ਹੈ। ਸਟੇਂਟ ਬਣਾਉਣ ਵਾਲੀ ਇਕ ਹੋਰ ਦੇਸੀ ਕੰਪਨੀ ਮੇਰਿਲ ਲਾਈਫਸਾਇੰਸੇਜ਼ ਦੀ ਹਿੱਸੇਦਾਰੀ ਵੀ 10 ਫੀਸਦੀ ਤੋਂ ਵਧ ਕੇ 12 ਫੀਸਦੀ ਹੋ ਗਈ ਹੈ।


Related News