‘ਦੇਸ਼ ਦਾ ਤਾਂਬਾ ਇੰਪੋਰਟ ਪਹਿਲੀ ਤਿਮਾਹੀ ’ਚ 26 ਫ਼ੀਸਦੀ ਵਧ ਕੇ 60,766 ਟਨ ’ਤੇ ਪੁੱਜਾ’
Monday, Sep 20, 2021 - 10:56 AM (IST)
ਨਵੀਂ ਦਿੱਲੀ- ਦੇਸ਼ ਦਾ ਤਾਂਬਾ ਇੰਪੋਰਟ ਚਾਲੂ ਵਿੱਤੀ ਸਾਲ ਦੀ ਜੂਨ ’ਚ ਖ਼ਤਮ ਪਹਿਲੀ ਤਿਮਾਹੀ ’ਚ 26 ਫ਼ੀਸਦੀ ਵਧ ਕੇ 60,766 ਟਨ ’ਤੇ ਪਹੁੰਚ ਗਿਆ। ਕੋਵਿਡ-19 ਦੀ ਵਜ੍ਹਾ ਨਾਲ ਲਗਾਈਆਂ ਗਈਆਂ ਬੰਦਿਸ਼ਾਂ ’ਚ ਢਿੱਲ ਤੋਂ ਬਾਅਦ ਹੁਣ ਆਰਥਿਕ ਗਤੀਵਿਧੀਆਂ ਰਫਤਾਰ ਫੜ ਰਹੀਆਂ ਹਨ। ਅਜਿਹੇ ’ਚ ਬਾਕੀ ਵਿੱਤੀ ਸਾਲ ’ਚ ਤਾਂਬੇ ਦੇ ਇੰਪੋਰਟ ਦਾ ਅੰਕੜਾ ਉੱਚਾ ਰਹਿਣ ਦੀ ਉਮੀਦ ਹੈ। ਅੰਤਰਰਾਸ਼ਟਰੀ ਤਾਂਬਾ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ।
ਸੰਘ ਨੇ ਕਿਹਾ ਕਿ ਦੇਸ਼ ’ਚ ਤਾਂਬੇ ਦੀ ਜ਼ਰੂਰਤ ਨੂੰ ਪੂਰਾ ਕਰਨ ਦੀ ਲੋੜੀਂਦੀ ਸਮਰੱਥਾ ਦੇ ਬਾਵਜੂਦ ਆਰਥਿਕ ਵਾਧੇ ਦੇ ਰਫਤਾਰ ਫੜਨ ਨਾਲ ਚਾਲੂ ਵਿੱਤੀ ਸਾਲ ’ਚ ਦਰਾਮਦ ਦਾ ਅੰਕੜਾ 3 ਲੱਖ ਟਨ ’ਤੇ ਪਹੁੰਚ ਸਕਦਾ ਹੈ। ਇਸ ਮਹੱਤਵਪੂਰਣ ਧਾਤੂ ਦੀ ਮੰਗ ਬਾਕੀ ਵਿੱਤੀ ਸਾਲ ’ਚ ਹੋਰ ਵਧਣ ਦੀ ਉਮੀਦ ਹੈ। ਇਸ ਦੀ ਵਰਤੋਂ ਵੱਖ-ਵੱਖ ਖੇਤਰਾਂ ’ਚ ਹੁੰਦੀ ਹੈ। ਕੋਵਿਡ-19 ਨਾਲ ਸਬੰਧਤ ਬੰਦਿਸ਼ਾਂ ’ਚ ਢਿੱਲ ਤੋਂ ਬਾਅਦ ਆਰਥਿਕ ਗਤੀਵਿਧੀਆਂ ਨੇ ਰਫਤਾਰ ਫੜੀ ਹੈ ਅਤੇ ਉਸੇ ਦੇ ਬਰਾਬਰ ਤਾਂਬੇ ਦੀ ਮੰਗ ਵੀ ਵਧ ਰਹੀ ਹੈ। ਬੀਤੇ ਵਿੱਤੀ ਸਾਲ ’ਚ ਭਾਰਤ ਨੇ 2,33,671 ਟਨ ਤਾਂਬੇ ਦਾ ਇੰਪੋਰਟ ਕੀਤਾ ਸੀ।
ਸੰਘ ਨੇ ਕਿਹਾ ਕਿ ਇੰਪੋਰਟ ’ਚ 26 ਤੋਂ 30 ਫ਼ੀਸਦੀ ਦੇ ਵਾਧੇ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ 2021-22 ’ਚ ਤਾਂਬੇ ਦਾ ਇੰਪੋਰਟ 2,95,000 ਤੋਂ 3,04,000 ਟਨ ਦੇ ਦਰਮਿਆਨ ਰਹਿ ਸਕਦਾ ਹੈ। ਸੰਘ ਦੇ ਨਿਰਦੇਸ਼ਕ ਮਯੂਰ ਕਰਮਾਕਰ ਨੇ ਕਿਹਾ, ‘‘ਤਾਂਬੇ ਦਾ ਇੰਪੋਰਟ ਕਾਫ਼ੀ ਤੇਜ਼ੀ ਨਾਲ ਵਧ ਰਿਹਾ ਹੈ। ਇਹ ਚੰਗੀ ਗੱਲ ਨਹੀਂ ਹੈ। ਹੋਰ ਦੇਸ਼ਾਂ ਨੂੰ ਸਾਡੀ ਕੀਮਤ ’ਤੇ ਲਾਭ ਹੋ ਰਿਹਾ ਹੈ। ਸਾਡੇ ਕੋਲ ਲੋੜ਼ੀਂਦੀ ਘਰੇਲੂ ਸਮਰੱਥਾ ਹੈ। ਇਸ ਦੇ ਬਾਵਜੂਦ ਇੰਪੋਰਟ ’ਚ ਤੇਜ਼ ਵਾਧਾ ਹੋ ਰਿਹਾ ਹੈ।