ਇਕਨੋਮੀ ਦੇ ਮੋਰਚੇ 'ਤੇ ਨਿਰਾਸ਼ਾ, ਰਿਕਾਰਡ ਹੇਠਲੇ ਪੱਧਰ 'ਤੇ ਖਪਤਕਾਰ ਭਰੋਸਾ
Saturday, Jun 05, 2021 - 02:13 PM (IST)
ਮੁੰਬਈ- ਗੰਭੀਰ ਕੋਵਿਡ ਸੰਕਟ ਤੇ ਰਾਜਾਂ ਵਿਚ ਇਸ ਦੇ ਨਤੀਜੇ ਵਜੋਂ ਤਾਲਾਬੰਦੀ ਵਿਚਕਾਰ ਅਰਥਵਿਵਸਥਾ ਤੇ ਰੁਜ਼ਗਾਰ ਦੇ ਮੋਰਚੇ 'ਤੇ ਪੈਦਾ ਹੋਈ ਨਿਰਾਸ਼ਾ ਕਾਰਨ ਮਈ ਵਿਚ ਖਪਤਕਾਰ ਭਰੋਸਾ ਹੋਰ ਡਿੱਗ ਗਿਆ ਹੈ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਤਾਜ਼ਾ ਸਰਵੇ ਮੁਤਾਬਕ, ਮਈ ਵਿਚ ਉਸ ਦਾ ਖਪਤਕਾਰ ਭਰੋਸਾ ਸੂਚਕ ਅੰਕ 48.5 ਫ਼ੀਸਦੀ ਰਿਹਾ, ਜੋ ਮਾਰਚ ਵਿਚ 53.1 ਫ਼ੀਸਦੀ 'ਤੇ ਸੀ। ਇਹ ਜੁਲਾਈ 2019 ਤੋਂ ਹੀ ਨਕਾਰਾਤਮਕ ਸੀ ਪਰ ਇਸ ਸਾਲ ਮਈ ਵਿਚ ਰਿਕਾਰਡ ਹੇਠਲੇ ਪੱਧਰ 'ਤੇ ਖਿਸਕ ਗਿਆ ਹੈ।
ਖਪਤਕਾਰ ਭਰੋਸਾ ਇੰਡੈਕਸ ਵਿਚ ਗਿਰਾਵਟ ਦਾ ਮਤਲਬ ਹੈ ਕਿ ਲੋਕ ਇਸ ਮਾਹੌਲ ਵਿਚ ਬਹੁਤ ਘੱਟ ਖ਼ਰਚ ਕਰ ਰਹੇ ਹਨ ਅਤੇ ਬਚਤ ਕਰਨ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।
ਰਿਜ਼ਰਵ ਬੈਂਕ ਮੁਤਾਬਕ, ਆਰਥਿਕ ਸਥਿਤੀ ਅਤੇ ਨੌਕਰੀ ਦੀਆਂ ਸੰਭਾਵਨਾਵਾਂ ਬਾਰੇ ਖ਼ਪਤਕਾਰਾਂ ਵਿਚ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ। ਪਰਿਵਾਰਾਂ ਦੇ ਖ਼ਰਚ ਵਿਚ ਵੀ ਕਮਜ਼ੋਰੀ ਦੇਖਣ ਨੂੰ ਮਿਲੀ ਹੈ। ਇੱਥੋਂ ਤੱਕ ਜ਼ਰੂਰੀ ਚੀਜ਼ਾਂ ਲਈ ਵੀ ਬਹੁਤ ਸੰਜਮ ਨਾਲ ਖ਼ਰਚ ਕਰ ਰਹੇ ਹਨ, ਜਦੋਂ ਕਿ ਗੈਰ-ਜ਼ਰੂਰੀ ਖ਼ਰਚ ਵਿਚ ਲਗਾਤਾਰ ਕਮੀ ਜਾਰੀ ਹੈ। ਇਹ ਸਰਵੇਖਣ 13 ਸ਼ਹਿਰਾਂ ਵਿਚ 29 ਅਪ੍ਰੈਲ ਤੋਂ 10 ਮਈ ਤੱਕ ਟੈਲੀਫ਼ੋਨਿਕ ਇੰਟਰਵਿਊ ਰਾਹੀਂ ਕੀਤਾ ਗਿਆ । 5,258 ਪਰਿਵਾਰਾਂ ਕੋਲੋਂ ਉਨ੍ਹਾਂ ਦੀ ਧਾਰਨਾ ਬਾਰੇ ਜਾਣਿਆ ਗਿਆ। ਗੌਰਤਲਬ ਹੈ ਕਿ ਆਰ. ਬੀ. ਆਈ. ਨੇ ਮੌਜੂਦਾ ਵਿੱਤੀ ਸਾਲ ਲਈ ਅਰਥਵਿਵਸਥਾ ਦੇ ਅਨੁਮਾਨ ਨੂੰ 10.5 ਫ਼ੀਸਦੀ ਤੋਂ ਘਟਾ ਕੇ 9.5 ਫ਼ੀਸਦੀ ਕਰ ਦਿੱਤਾ ਹੈ। ਹਾਲਾਂਕਿ, ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਰੇਪੋ ਦਰ ਬਰਕਰਾਰ ਰੱਖੀ ਹੈ ਅਤੇ ਨਾਲ ਹੀ ਛੋਟੇ ਕਾਰੋਬਾਰਾਂ ਲਈ ਰਾਹਤ ਦੇ ਉਪਾਅ ਕੀਤੇ ਹਨ।