ਨਿਰਮਾਣ ਖੇਤਰ ’ਚ ਮਰਦਾਂ ਦੇ ਮੁਕਾਬਲੇ ਮਹਿਲਾ ਕਾਮਿਆਂ ਨੂੰ ਮਿਲਦੀ ਹੈ 30-40 ਫੀਸਦੀ ਘੱਟ ਮਜ਼ਦੂਰੀ
Tuesday, Jan 10, 2023 - 12:11 PM (IST)

ਨਵੀਂ ਦਿੱਲੀ- ਨਿਰਮਾਣ ਅਤੇ ਰੀਅਲ ਅਸਟੇਟ ਖੇਤਰ ’ਚ ਅਸੰਗਠਿਤ ਮਹਿਲਾ ਕਾਮਿਆਂ ਨੂੰ ਮਰਦ ਕਾਮਿਆਂ ਦੇ ਮੁਕਾਬਲੇ 30-40 ਫੀਸਦੀ ਘੱਟ ਮਜ਼ਦੂਰੀ ਮਿਲਦੀ ਹੈ। ਇਹ ਸਿੱਟਾ ਇਸ ਖੇਤਰ ’ਚ ਮਰਦਾਂ ਅਤੇ ਔਰਤਾਂ ’ਚ ਅਸਮਾਨਤਾ ਬਾਰੇ ਜਾਰੀ ਕੀਤੀ ਗਈ ਇਕ ਰਿਪੋਰਟ ’ਚ ਕੱਢਿਆ ਗਿਆ ਹੈ।
ਸਲਾਹਕਾਰ ਫਰਮ ਪ੍ਰਾਈਮਸ ਪਾਰਟਨਰਜ਼ ਅਤੇ ਵਰਲਡ ਟ੍ਰੇਡ ਸੈਂਟਰ ਵੱਲੋਂ ਜਾਰੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਘਰੇਲੂ ਨਿਰਮਾਣ ਅਤੇ ਰੀਅਲ ਅਸਟੇਟ ਖੇਤਰ ’ਚ ਕੰਮ ਕਰਨ ਵਾਲੇ ਕੁੱਲ 5.7 ਕਰੋੜ ਲੋਕਾਂ ’ਚੋਂ ਸਿਰਫ਼ 70 ਲੱਖ ਔਰਤਾਂ ਹਨ, ਜੋ ਕੁੱਲ ਗਿਣਤੀ ਦਾ ਸਿਰਫ਼ 12 ਫ਼ੀਸਦੀ ਹੈ। ਕੁੱਲ ਕਰਮਚਾਰੀਆਂ ’ਚ ਔਰਤਾਂ ਦੀ ਪ੍ਰਤੀਨਿਧਤਾ ਅਨੁਪਾਤਕ ਤੌਰ ’ਤੇ ਘੱਟ ਹੋਣ ਦੇ ਨਾਲ ਹੀ, ਉਨ੍ਹਾਂ ਨੂੰ ਮਿਹਨਤਾਨਾ ਜਾਂ ਮਜ਼ਦੂਰੀ ਵੀ ਮੁਕਾਬਲਨ ਤੌਰ ’ਤੇ ਘੱਟ ਮਿਲਦੀ ਹੈ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਪੁਰਸ਼ ਕਾਮਿਆਂ ਦੇ ਮੁਕਾਬਲੇ ਮਹਿਲਾ ਕਾਮਿਆਂ ਨੂੰ 30 ਤੋਂ 40 ਫੀਸਦੀ ਘੱਟ ਮਜ਼ਦੂਰੀ ਮਿਲਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ, ‘‘ਇਹ ਅੰਕੜਾ ਨਿਰਮਾਣ ਅਤੇ ਰੀਅਲ ਅਸਟੇਟ ਸੈਕਟਰ ’ਚ ਮੌਜੂਦ ਲਿੰਗ ਅਸਮਾਨਤਾ ਨੂੰ ਦਰਸਾਉਂਦਾ ਹੈ।’’
ਮਹਿਲਾ ਕਾਮਿਆਂ ਦੀ ਔਸਤ ਉਜਰਤ 26.15 ਰੁਪਏ ਪ੍ਰਤੀ ਘੰਟਾ
ਨਿਰਮਾਣ ਖੇਤਰ ’ਚ ਕੰਮ ਕਰਨ ਵਾਲੀਆਂ ਔਰਤਾਂ ਦੀ ਔਸਤ ਉਜਰਤ 26.15 ਰੁਪਏ ਪ੍ਰਤੀ ਘੰਟਾ ਹੈ, ਜਦੋਂ ਕਿ ਪੁਰਸ਼ਾਂ ਨੂੰ ਪ੍ਰਤੀ ਘੰਟਾ 39.95 ਰੁਪਏ ਮਿਲਦੇ ਹਨ। ਜਿੱਥੋਂ ਤੱਕ ਪ੍ਰਬੰਧਨ ਪੱਧਰ ਦੇ ਅਹੁਦਿਆਂ ’ਤੇ ਔਰਤਾਂ ਦੀ ਭਾਗੀਦਾਰੀ ਦਾ ਸਵਾਲ ਹੈ, ਨਿਰਮਾਣ ਖੇਤਰ ਦੀਆਂ ਕੰਪਨੀਆਂ ’ਚ ਸਿਰਫ 2 ਪ੍ਰਤੀਸ਼ਤ ਔਰਤਾਂ ਹੀ ਪ੍ਰਬੰਧਨ ਪੱਧਰ ’ਤੇ ਮੌਜੂਦ ਹਨ।
ਰਿਪੋਰਟ ਮੁਤਾਬਕ ਔਰਤਾਂ ਦੀ ਤਰੱਕੀ ਦੇ ਰਾਹ ’ਚ ਮੌਜੂਦ ਰੁਕਾਵਟਾਂ ਇਸ ਖੇਤਰ ’ਚ ਉਨ੍ਹਾਂ ਲਈ ਅੜਿੱਕੇ ਦਾ ਕੰਮ ਕਰਦੀਆਂ ਹਨ। ਨਿਰਮਾਣ ਅਤੇ ਰੀਅਲ ਅਸਟੇਟ ਖੇਤਰ ’ਚ ਕੰਪਨੀਆਂ ਦੇ ਉੱਚ ਪ੍ਰਬੰਧਨ ਪੱਧਰ ’ਤੇ ਔਰਤਾਂ ਦੀ ਭਾਗੀਦਾਰੀ ਸਿਰਫ 1-2 ਫੀਸਦੀ ਤੱਕ ਸੀਮਤ ਹੈ।
ਸਲਾਹਕਾਰ ਫਰਮ ਨੇ ਰਿਪੋਰਟ ’ਚ ਕਿਹਾ, ‘‘ਇਸ ਸੈਕਟਰ ’ਚ ਔਰਤਾਂ ਮੁੱਖ ਤੌਰ ’ਤੇ ਘੱਟ ਤਨਖਾਹ ਵਾਲੀਆਂ ਅਤੇ ਬਹੁਤ ਖਤਰਨਾਕ ਕੰਮਾਂ ’ਚ ਤਾਇਨਾਤ ਹਨ। ਇੱਟ-ਭੱਠਿਆਂ, ਪੱਥਰ ਦੀ ਖੋਦਾਈ, ਸਲੈਬ ਢਲਾਈ ਅਤੇ ਸਹਾਇਕ ਕੰਮਾਂ ’ਚ ਉਨ੍ਹਾਂ ਦੀ ਮੌਜੂਦਗੀ ਜ਼ਿਆਦਾ ਹੈ।’’
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।