ਵਿਸ਼ਵ ਖੁਰਾਕ ਸੰਕਟ ਦਰਮਿਆਨ ਅਨਾਜ ਬਰਾਮਦ ਨੂੰ ਲੈ ਕੇ WTO ਨਿਯਮਾਂ ਤੋਂ ਪ੍ਰੇਸ਼ਾਨੀ : ਸੀਤਾਰਮਣ

04/24/2022 1:31:12 PM

ਵਾਸ਼ਿੰਗਟਨ (ਭਾਸ਼ਾ) – ਰੂਸ-ਯੂਕ੍ਰੇਨ ਜੰਗ ਕਾਰਨ ਈਂਧਨ ਦੀਆਂ ਵਧਦੀਆਂ ਕੀਮਤਾਂ ਅਤੇ ਭੋਜਨ ’ਚ ਕਮੀ ਕਾਰਨ ਪੈਦਾ ਹੋ ਰਹੇ ਖੁਰਾਕ ਸੰਕਟ ਦਰਮਿਆਨ ਭਾਰਤ ਨੇ ਆਪਣੇ ਸਰਪਲੱਸ ਅਨਾਜ ਤੋਂ ਮਦਦ ਦੀ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਵਿਸ਼ਵ ਵਪਾਰ ਸੰਗਠਨ (ਡਬਲਯੂ. ਟੀ. ਓ.) ਦੀ ਇਕ ਅਧਿਕਾਰੀ ਦੇ ਸਾਹਮਣੇ ਇਸ ਮੁੱਦੇ ਨੂੰ ਉਠਾਉਂਦੇ ਹੋਏ ਇਹ ਵੀ ਕਿਹਾ ਕਿ ਭਾਰਤ ਵਰਗੇ ਖੇਤੀਬਾੜੀ ਪ੍ਰਧਾਨ ਦੇਸ਼ਾਂ ਨੂੰ ਅਨਾਜ ਬਰਾਮਦ ਕਰਨ ’ਚ ਡਬਲਯੂ. ਟੀ. ਓ. ਨਾਲ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਿੱਤ ਮੰਤਰੀ ਦੀ ਇਸ ਚਿੰਤਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਡਬਲਯੂ. ਟੀ. ਓ. ਦੀ ਡਾਇਰੈਕਟਰ ਜਨਰਲ ਨਗੋਜੀ ਓਕੋਂਜਾ ਇਵੇਲਾ ਨੇ ਭਰੋਸਾ ਦਿਵਾਇਆ ਕਿ ਸੰਗਠਨ ਇਸ ਮਾਮਲੇ ਨੂੰ ਦੇਖ ਰਿਹਾ ਹੈ ਅਤੇ ਛੇਤੀ ਹੀ ਇਸ ਨੂੰ ਹੱਲ ਕਰ ਲਿਆ ਜਾਏਗਾ। ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਣਜੀਤ ਸੰਧੂ ਨੇ ਕਿਹਾ ਕਿ ਯੂ. ਐੱਸ. ਨੇ ਅਨਾਜ ਨੂੰ ਲੈ ਕੇ ਭਾਰਤ ਤੋਂ ਮਦਦ ਮੰਗੀ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਹ ਮੁੱਦਾ ਆਈ. ਐੱਮ. ਐੱਫ. ਵਲੋਂ ਅਮਰੀਕਾ ’ਚ ਆਯੋਜਿਤ ਸਪ੍ਰਿੰਗ ਬੈਠਕ ’ਚ ਉਠਾਇਆ ਸੀ। ਵਿੱਤ ਮੰਤਰੀ ਨੇ ਕਿਹਾ ਕਿ ਮੈਂ ਇਸ ਗੱਲ ਨੂੰ ਲੈ ਕੇ ਬੇਹੱਦ ਹਾਂਪੱਖੀ ਹਾਂ ਕਿ ਇਸ ਮਾਮਲੇ ’ਚ ਡਬਲਯੂ. ਟੀ. ਓ. ਦੀ ਪ੍ਰਤੀਕਿਰਿਆ ਬੇਹੱਦ ਸੰਤੁਸ਼ਟੀ ਭਰਪੂਰ ਸੀ। ਮੈਨੂੰ ਲਗਦਾ ਹੈ ਕਿ ਅਸੀਂ ਇਕ ਦਹਾਕੇ ਪੁਰਾਣੀਆਂ ਉਨ੍ਹਾਂ ਪਾਬੰਦੀਆਂ ਨੂੰ ਤੋੜਨ ’ਚ ਸਫਲ ਹੋਵਾਂਗੇ, ਜਿਨ੍ਹਾਂ ਕਰ ਕੇ ਭਾਰਤ ਆਪਣੇ ਸਰਪਲੱਸ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਨਹੀਂ ਕਰ ਪਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਵੀ ਬਿਹਤਰ ਮੁਨਾਫਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਯੂਕ੍ਰੇਨ ਸੰਕਟ ਦਰਮਿਆਨ ਭਾਰਤ ਨੇ ਖੁਰਾਕ ਉਤਪਾਦਾਂ ਦੀ ਬਰਾਮਦ ਅਤੇ ਨਿਰਮਾਣ ’ਚ ਮੌਕੇ ਦੇਖੇ ਹਨ। ਉਨ੍ਹਾਂ ਨੇ ਕਿਹ ਕਿ ਪੂਰੀ ਪਲੇਨਰੀ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਖੁਰਾਕ ਸੰਕਟ ਚੱਲ ਰਿਹਾ ਹੈ ਅਤੇ ਭਾਰਤ ਵਰਗੇ ਦੇਸ਼ ਜੋ ਇਸ ਸੰਕਟ ’ਚ ਤੁਰੰਤ ਮਦਦ ਕਰ ਸਕਦੇ ਹਨ, ਉਨ੍ਹਾਂ ਨੂੰ ਡਬਲਯੂ. ਟੀ. ਓ. ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਡਿਜੀਟਲ ਖੇਤਰ ’ਚ ਭਾਰਤ ਦੀ ਤਰੱਕੀ

ਵਿੱਤ ਮੰਤਰੀ ਨੇ ਡਿਜੀਟਲ ਖੇਤਰ ’ਚ ਭਾਰਤ ਦੀ ਤਰੱਕੀ ਨੂੰ ਲੈ ਕੇ ਕਿਹਾ ਕਿ ਇਹ ਗੱਲ ਹੁਣ ਲੋਕਾਂ ਨੂੰ ਸਮਝ ਆ ਰਹੀ ਹੈ ਕਿ ਦੇਸ਼ ਜਿੰਨਾ ਡਿਜੀਟਲੀ ਸੰਪੰਨ ਹੋਵੇਗਾ, ਉਸ ਲਈ ਵਿੱਤੀ ਸ਼ਮੂਲੀਅਤ ਅਤੇ ਲੋਕਾਂ ਤੱਕ ਸੇਵਾਵਾਂ ਪਹੁੰਚਾਉਣਾ ਓਨਾ ਹੀ ਸੌਖਾਲਾ ਹੋ ਜਾਏਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਜੋ ਪਿਛਲੇ ਕੁੱਝ ਸਮੇਂ ’ਚ ਡਿਜੀਟਲ ਖੇਤਰ ’ਚ ਤਰੱਕੀ ਕੀਤੀ ਹੈ ਅਤੇ ਉਸ ਕਾਰਨ ਮਹਾਮਾਰੀ ਦੌਰਾਨ ਦੇਸ਼ ਨੇ ਜੋ ਲਾਭ ਉਠਾਇਆ ਹੈ, ਉਸ ਨੂੰ ਮਾਨਤਾ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਈ ਦੇਸ਼ ਇਸ ਬਾਰੇ ਜਾਣਨ ਲਈ ਭਾਰਤ ਆ ਰਹੇ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮਹਾਮਾਰੀ ਅਤੇ ਹਾਲ ਹੀ ਦੇ ਭੂ-ਸਿਆਸੀ ਘਟਨਾਕ੍ਰਮ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਕਾਰਨ ਕਰਜ਼ੇ ਦੇ ਤਨਾਅ ਦਾ ਸਾਹਮਣਾ ਕਰ ਰਹੇ ਦੇਸ਼ਾਂ ਨੂੰ ਬਚਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵਿਸ਼ਵ ਬੈਂਕ ਦੇ ਸਮੂਹ ਪ੍ਰਧਾਨ ਡੇਵਿਡ ਮਲਪਾਸ ਨਾਲ ਇਕ ਬੈਠਕ ’ਚ ਕਿਹਾ ਕਿ ਭਾਰਤ ਭੂ-ਸਿਆਸੀ ਤਨਾਅ ਦਰਮਿਆਨ ਵਧਦੀ ਅਨਿਸ਼ਚਿਤਤਾ ਕਾਰਨ ਗਲੋਬਲ ਅਰਥਵਿਵਸਥਾ ’ਚ ਸੁਧਾਰ ਦੇ ਪੈਦਾ ਜੋਖਮਾਂ ਨੂੰ ਲੈ ਕੇ ਚਿੰਤਤ ਹੈ।

ਬੋਇੰਗ ਡਿਫੈਂਸ ਦੇ ਸੀ. ਈ. ਓ. ਨਾਲ ਐੱਮ. ਆਰ. ਓ. ’ਤੇ ਚਰਚਾ

ਵਿੱਤ ਮੰਤਰੀ ਨੇ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਡਿਫੈਂਸ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਟੇਡ ਕੋਲਬਰਟ ਨਾਲ ਮੁਲਾਕਾਤ ਕਰ ਕੇ ਭਾਰਤ ’ਚ ਜਹਾਜ਼ਾਂ ਦੇ ਰੱਖ-ਰਖਾਅ, ਮੁਰੰਮਤ ਅਤੇ ਸੰਚਾਲਨ (ਐੱਮ. ਆਰ. ਓ.) ਵਿਚ ਨਿਵੇਸ਼ ਅਤੇ ਵਿਕਾਸ ਅਤੇ ਉਨ੍ਹਾਂ ਨੂੰ ਲੀਜ਼ ’ਤੇ ਦੇਣ ਦੇ ਮੌਕਿਆਂ ’ਤੇ ਚਰਚਾ ਕੀਤੀ। ਵਿੱਤ ਮੰਤਰੀ ਆਈ. ਐੱਮ. ਐੱਫ.-ਡਬਲਯੂ. ਬੀ. ਸੰਮੇਲਨ 2022 ’ਚ ਹਿੱਸਾ ਲੈਣ ਲਈ ਅਮਰੀਕਾ ਦੀ ਯਾਤਰਾ ’ਤੇ ਆਈ ਹੋਈ ਹੈ। ਬੋਇੰਗ ਦੇ ਮੁਖੀ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ ਵਿੱਤ ਮੰਤਰਾਲਾ ਨੇ ਇਕ ਟਵੀਟ ’ਚ ਇਸ ਮੁਲਾਕਾਤ ’ਚ ਉੱਠੇ ਮੁੱਦਿਆਂ ਦੀ ਜਾਣਕਾਰੀ ਦਿੱਤੀ। ਕੋਲਬਰਟ ਨੇ ਕਿਹਾ ਕਿ ਬੋਇੰਗ ਭਾਰਤ ’ਚ ਆਪਣੀ ਆਪ੍ਰੇਟਿੰਗ ਦਾ ਵਿਸਤਾਰ ਕਰ ਰਿਹਾ ਹੈ ਅਤੇ ‘ਆਤਮਨਿਰਭਰ ਭਾਰਤ’ ਦੇ ਦ੍ਰਿਸ਼ਟੀਕੋਣ ਲਈ ਵਚਨਬੱਧਤਾ ਰੱਖਦਾ ਹੈ।

ਭਾਰਤ ਦਾ ਆਰਥਿਕ ਵਾਧਾ ਵੱਡੀਆਂ ਅਰਥਵਿਵਸਥਾਵਾਂ ’ਚ ਮਜ਼ਬੂਤ ਅਤੇ ਸਭ ਤੋਂ ਵੱਧ

ਸੀਤਾਰਮਣ ਨੇ ਕਿਹਾ ਕਿ ਚਾਲੂ ਵਿੱਤੀ ਸਾਲ ’ਚ ਭਾਰਤ ਦਾ ਆਰਥਿਕ ਵਾਧਾ ਸਾਰੀਆਂ ਵੱਡੀਆਂ ਅਰਥਵਿਵਸਥਾਵਾਂ ’ਚ ਮਜ਼ਬੂਤ ਅਤੇ ਸਭ ਤੋਂ ਵੱਧ ਹੈ ਅਤੇ ਇਹ ਭਾਰਤ ਦੀ ਨਰਮ ਨੀਤੀ ਅਤੇ ਮਜ਼ਬੂਤ ਰਿਕਵਰੀ ਨੂੰ ਦਰਸਾਉਂਦਾ ਹੈ। ਸੀਤਾਰਮਣ ਨੇ ਇੱਥੇ ਵਿਕਾਸ ਕਮੇਟੀ ਦੇ ਪੂਰਨ ਸੈਸ਼ਨ ਦੀ 105ਵੀਂ ਬੈਠਕ ’ਚ ਇਹ ਗੱਲ ਕਹੀ। ਬੈਠਕ ’ਚ ਡਿਜੀਟਲੀਕਰਨ ਅਤੇ ਵਿਕਾਸ, ਵਿਕਾਸ ਅਤੇ ਵਿਆਪਕ ਆਰਥਿਕ ਸਥਿਰਤਾ ਲਈ ਕਰਜ਼ਾ ਅਤੇ ਯੂਕ੍ਰੇਨ ’ਚ ਜੰਗ ਦੇ ਸੰਸਾਰਿਕ ਪ੍ਰਭਾਵਾਂ ਪ੍ਰਤੀ ਵਿਸ਼ਵ ਬੈਂਕ ਸਮੂਹ ਦੀ ਪ੍ਰਤੀਕਿਰਿਆ : ਇਕ ਪ੍ਰਸਤਾਵਿਤ ਰੂਪ ਜਿਵੇਂ-ਮੁੱਦਿਆਂ ਦੇ ਵਿਚਾਰ-ਵਟਾਂਦਰਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਬੇਹੱਦ ਸਮਰੱਥਾ ਨਾਲ ਕੋਵਿਡ-19 ਮਹਾਮਾਰੀ ਸੰਕਟ ਦਾ ਸਾਹਮਣਾ ਕੀਤਾ ਅਤੇ ਟੀਕਾਕਰਨ ’ਚ ਜ਼ਿਕਰਯੋਗ ਤਰੱਕੀ ਕਰਦੇ ਹੋਏ ਹੁਣ ਤੱਕ ਲੋਕਾਂ ਨੂੰ 1.85 ਅਰਬ ਤੋਂ ਵੱਧ ਕੋਵਿਡ-19 ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ।


Harinder Kaur

Content Editor

Related News