ਹੋਰ ਮੁਦਰਾਵਾਂ ਦੀ ਤੁਲਨਾ ’ਚ ਰੁਪਏ ਦੀ ਗਿਰਾਵਟ ਘੱਟ : ਨਾਗੇਸ਼ਵਰਨ

07/21/2022 11:55:40 AM

ਨਵੀਂ ਦਿੱਲੀ (ਭਾਸ਼ਾ) – ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਤੁਲਨਾ ’ਚ ਰੁਪਏ ਦੀ ਕੀਮਤ ’ਚ ਆਈ ਕਮੀ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ’ਚ ਆਈ ਗਿਰਾਵਟ ਦੀ ਤੁਲਨਾ ’ਚ ਕਿਤੇ ਘੱਟ ਹੈ। ਨਾਗੇਸ਼ਵਰਨ ਨੇ ਡਾਲਰ ਦੇ ਮੁਕਾਬਲੇ ਰੁਪਏ ਅਤੇ ਹੋਰ ਮੁਦਰਾਵਾਂ ਦੀਆਂ ਕੀਮਤਾਂ ’ਚ ਆਈ ਇਸ ਗਿਰਾਵਟ ਲਈ ਅਮਰੀਕੀ ਫੈੱਡਰਲ ਰਿਜ਼ਰਵ ਦੇ ਹਮਲਾਵਰ ਮੁਦਰਾ ਰੁਖ ਨੂੰ ਜ਼ਿੰਮੇਵਾਰ ਦੱਸਿਆ।

ਉਨ੍ਹਾਂ ਨੇ ਕਿਹਾ ਕਿ ਫੈੱਡਰਲ ਰਿਜ਼ਰਵ ਦੇ ਸਖਤ ਰਵੱਈਏ ਨਾਲ ਕਈ ਉੱਭਰਦੀਆਂ ਅਰਥਵਿਵਸਥਾਵਾਂ ਨਾਲ ਵਿਦੇਸ਼ੀ ਪੂੰਜੀ ਦੀ ਨਿਕਾਸੀ ਹੋ ਰਹੀ ਹੈ, ਜਿਸ ਨਾਲ ਸਥਾਨਕ ਮੁਦਰਾਵਾਂ ਦਬਾਅ ’ਚ ਆ ਗਈਆਂ ਹਨ। ਇਕ ਪ੍ਰੋਗਰਾਮ ’ਚ ਸ਼ਿਰਕਤ ਕਰਨ ਆਏ ਨਾਗੇਸ਼ਵਰਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਾਪਾਨੀ ਯੇਨ, ਯੂਰੋ, ਸਵਿਸ ਫ੍ਰੈਂਕ, ਬ੍ਰਿਟਿਸ਼ ਪੌਂਡ ਦਾ ਡਾਲਰ ਦੇ ਮੁਕਾਬਲੇ ਕਿਤੇ ਜ਼ਿਆਦਾ ਘਟਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਭਾਰਤੀ ਰਿਜ਼ਰਵ ਬੈਂਕ ਦੋਹਾਂ ਨੇ ਹੀ ਵਿਦੇਸ਼ੀ ਮੁਦਰਾ ਦੀ ਨਿਕਾਸੀ ਨੂੰ ਰੋਕਣ ਲਈ ਕਈ ਕਦਮ ਉਠਾਏ ਹਨ। ਇਸ ਦੇ ਨਾਲ ਹੀ ਵਿਦੇਸ਼ੀ ਪੂੰਜੀ ਨੂੰ ਆਕਰਸ਼ਿਤ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ ਤਾਂ ਕਿ ਭਾਰਤੀ ਮੁਦਰਾ ਦੀ ਡਿਗਦੀ ਕੀਮਤ ਨੂੰ ਰੋਕਿਆ ਜਾ ਸਕੇ। ਅਮਰੀਕੀ ਡਾਲਰ ਦੇ ਮੁਕਾਬਲੇ ਇਸ ਸਾਲ ਹੁਣ ਤੱਕ ਰੁਪਏ ਦੀ ਕੀਮਤ ਕਰੀਬ 7.5 ਫੀਸਦੀ ਤੱਕ ਘੱਟ ਹੋ ਚੁੱਕੀ ਹੈ। ਸੋਮਵਾਰ ਨੂੰ ਰੁਪਇਆ ਕਾਰੋਬਾਰ ਦੌਰਾਨ ਪਹਿਲੀ ਵਾਰ 80 ਰੁਪਏ ਪ੍ਰਤੀ ਡਾਲਰ ਦੇ ਪੱਧਰ ’ਤੇ ਆ ਗਿਆ।

ਰੁਪਇਆ 13 ਪੈਸੇ ਟੁੱਟ ਕੇ ਪਹਿਲੀ ਵਾਰ 80 ਪ੍ਰਤੀ ਡਾਲਰ ਤੋਂ ਪਾਰ ਬੰਦ

ਇੰਟਰਬੈਂਕ ਵਿਦੇਸ਼ ਮੁਦਰਾ ਬਾਜ਼ਾਰ ’ਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਇਆ 13 ਪੈਸੇ ਡਿਗ ਕੇ 80 ਪ੍ਰਤੀ ਡਾਲਰ ਦੇ ਮਨੋਵਿਗਿਆਨੀ ਪੱਧਰ ਨੂੰ ਲੰਘ ਕੇ ਬੰਦ ਹੋਇਆ। ਗਿਰਾਵਟ ਦਾ ਕਾਰਨ ਦਰਾਮਦਕਾਰਾਂ ਦੀ ਭਾਰੀ ਡਾਲਰ ਮੰਗ ਅਤੇ ਕੱਚੇ ਤੇਲ ਦੀਆਂ ਵਧੇਰੇ ਕੀਮਤਾਂ ਦਾ ਹੋਣਾ ਹੈ। ਇੰਟਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਰੁਪਇਆ 79.91 ਪ੍ਰਤੀ ਡਾਲਰ ’ਤੇ ਖੁੱਲ੍ਹਾ ਅਤੇ ਕਾਰੋਬਾਰ ਦੌਰਾਨ ਇਹ 80.05 ਦੇ ਹੇਠਲੇ ਪੱਧਰ ਨੂੰ ਛੂਹ ਗਿਆ। ਕਾਰੋਬਾਰ ਦੌਰਾਨ ਰੁਪਏ ’ਚ 79.91 ਤੋਂ 80.05 ਰੁਪਏ ਦੇ ਘੇਰੇ ’ਚ ਘੱਟ-ਵਧ ਹੋਈ। ਕਾਰੋਬਾਰ ਦੇ ਅਖੀਰ ’ਚ ਰੁਪਇਆ ਆਪਣੇ ਪਿਛਲੇ ਬੰਦ ਭਾਅ ਦੇ ਮੁਕਾਬਲੇ 13 ਪੈਸੇ ਦੀ ਗਿਰਾਵਟ ਨਾਲ ਦਿਨ ਦੇ ਹੇਠਲੇ ਪੱਧਰ 80.05 ਪ੍ਰਤੀ ਡਾਲਰ ’ਤੇ ਬੰਦ ਹੋਇਆ।


Harinder Kaur

Content Editor

Related News