ਭਾਰਤ 'ਚ ਕੋਰੋਨਾ ਦੀ ਆਫ਼ਤ ਵਿਚਕਾਰ ਚੀਨੀ ਸਪਲਾਇਰਾਂ ਦੀ ਦਗਾਬਾਜ਼ੀ

05/13/2021 5:13:53 PM

ਨਵੀਂ ਦਿੱਲੀ- ਭਾਰਤ ਵਿਚ ਕੋਵਿਡ ਦੀ ਦੂਜੀ ਲਹਿਰ ਚੱਲ ਰਹੀ ਹੈ। ਇਸ ਨਾਲ ਨਜਿੱਠਣ ਲਈ ਭਾਰਤ ਪੂਰੀ ਦੁਨੀਆ ਤੋਂ ਸਾਮਾਨ ਖ਼ਰੀਦ ਰਿਹਾ ਹੈ ਪਰ ਚੀਨ ਦੇ ਸਪਲਾਇਰ ਆਫ਼ਤ ਵਿਚ ਮੌਕੇ ਦਾ ਫਾਇਦਾ ਉਠਾ ਰਹੇ ਹਨ। ਚੀਨੀ ਸਪਲਾਇਰਾਂ ਨੇ ਕੋਵਿਡ ਦੀ ਰੋਕਥਾਮ ਨਾਲ ਜੁੜੇ ਸਾਮਾਨਾਂ ਦੀਆਂ ਕੀਮਤਾਂ ਵਿਚ ਕਈ ਗੁਣਾ ਵਾਧਾ ਕਰ ਦਿੱਤਾ ਹੈ। ਹਾਂਗਕਾਂਗ ਵਿਚ ਭਾਰਤ ਦੀ ਕੌਂਸਲ ਜਨਰਲ ਪ੍ਰਿਅੰਕਾ ਚੌਹਾਨ ਨੇ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਚੀਨ ਸਾਹਮਣੇ ਵਿਰੋਧ ਜਤਾਇਆ ਹੈ। ਸਾਊਥ ਚਾਈਨਾ ਮੌਰਨਿੰਗ ਪੋਸਟ ਨਾਲ ਗੱਲ ਕਰਦਿਆਂ ਪ੍ਰਿਯੰਕਾ ਚੌਹਾਨ ਨੇ ਕਿਹਾ ਕਿ ਭਾਰਤ ਨੂੰ ਉਮੀਦ ਹੈ ਕਿ ਕੋਵਿ਼ਡ-19 ਵਿਰੁੱਧ ਲੜਾਈ ਵਿਚ ਚੀਨ ਉਤਪਾਦਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰੇਗਾ।

ਪ੍ਰਿਯੰਕਾ ਨੇ ਕਿਹਾ, "ਅਸੀਂ ਉਮੀਦ ਕਰਦੇ ਹਾਂ ਕਿ ਅਜਿਹੀ ਸਥਿਤੀ ਵਿਚ ਸਪਲਾਈ ਚੇਨ ਖੁੱਲ੍ਹੀ ਰਹਿਣੀ ਚਾਹੀਦੀ ਹੈ ਅਤੇ ਉਤਪਾਦਾਂ ਦੀਆਂ ਕੀਮਤਾਂ ਸਥਿਰ ਰਹਿਣੀਆਂ ਚਾਹੀਦੀਆਂ ਹਨ।" ਉਨ੍ਹਾਂ ਕਿਹਾ ਕਿ ਇਸ ਸਮੇਂ ਸਪਲਾਈ-ਮੰਗ ਦਾ ਕੁਝ ਦਬਾਅ ਹੈ। ਇਸ ਲਈ ਉਤਪਾਦਾਂ ਦੀਆਂ ਕੀਮਤਾਂ ਵਿਚ ਕੁਝ ਸਥਿਰਤਾ ਹੋਣੀ ਚਾਹੀਦੀ ਹੈ। ਸਰਕਾਰ ਦੇ ਪੱਧਰ 'ਤੇ ਵੀ ਸਮਰਥਨ ਅਤੇ ਕੋਸ਼ਿਸ਼ਾਂ ਦੀ ਭਾਵਨਾ ਹੋਣੀ ਚਾਹੀਦੀ ਹੈ।

ਪ੍ਰਿਅੰਕਾ ਨੇ ਕਿਹਾ, "ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਇਸ ਮਾਮਲੇ ਵਿਚ ਚੀਨੀ ਸਰਕਾਰ ਕਿੰਨਾ ਪ੍ਰਭਾਵ ਪਾ ਸਕਦੀ ਹੈ ਪਰ ਜੇਕਰ ਉਹ ਅਜਿਹਾ ਕਰ ਸਕਦੀ ਹੈ ਤਾਂ ਇਹ ਸਵਾਗਤਯੋਗ ਹੈ।"
ਸੂਤਰ ਦੱਸਦੇ ਹਨ ਕਿ ਚੀਨੀ ਸਪਲਾਇਰਾਂ ਨੇ ਕੋਵਿਡ ਨਾਲ ਸਬੰਧਤ ਚੀਜ਼ਾਂ ਦੀਆਂ ਕੀਮਤਾਂ ਅਸਮਾਨ 'ਤੇ ਪਹੁੰਚਾ ਦਿੱਤੀਆਂ ਹਨ। ਉਦਾਹਰਣ ਲਈ 200 ਡਾਲਰ ਦੀ ਕੀਮਤ ਵਾਲਾ 10 ਲਿਟਰ ਆਕਸੀਜਨ ਕੰਸਟ੍ਰੇਟਰ 1000 ਡਾਲਰ 'ਤੇ ਪਹੁੰਚ ਗਿਆ ਹੈ। ਕਈ ਸਪਲਾਇਰ 1200 ਡਾਲਰ ਵਿਚ ਆਕਸੀਜਨ ਕੰਸਟ੍ਰੇਟਰ ਦੇ ਰਹੇ ਹਨ। ਹਾਲ ਹੀ ਵਿਚ ਚੀਨੀ ਸਪਲਾਇਰਾਂ ਨੇ ਮਨਮਾਨੀ ਨਾਲ ਸੌਦੇ ਰੱਦ ਕਰ ਦਿੱਤੇ ਹਨ। ਕਈ ਸਪਲਾਇਰ 10 ਲਿਟਰ ਦੇ ਕੰਸਟ੍ਰੇਟਰ ਦੀ ਕੀਮਤ ਲੈ ਕੇ 5 ਲਿਟਰ ਜਾਂ 8 ਲਿਟਰ ਕੰਸਟ੍ਰੇਟਰ ਦੇ ਰਹੇ ਹਨ। 2020 ਵਿਚ ਵੀ ਵੈਂਟੀਲੇਟਰਾਂ ਦੀ ਕੀਮਤ 6000 ਡਾਲਰ ਤੋਂ 30 ਹਜ਼ਾਰ ਡਾਲਰ ਹੋ ਗਈ ਸੀ। ਸੂਤਰਾਂ ਦਾ ਕਹਿਣਾ ਹੈ ਚੀਨੀ ਸਪਲਾਇਰ ਸੌਦੇ ਰੱਦ ਕਰਕੇ ਹੁਣ ਰੈਮਡੇਸਿਵਰਿ ਅਤੇ ਫੇਵੀਪਿਰਾਵਿਰ ਵਰਗੀਆਂ ਦਵਾਈਆਂ ਦਾ ਕੱਚਾ ਮਾਲ ਨਿਲਾਮੀ ਜ਼ਰੀਏ ਦੇ ਰਹੇ ਹਨ। 


Sanjeev

Content Editor

Related News