ਚੀਨ ਦੇ ਅਰਬਪਤੀ ਜੈਕ ਮਾ ਦੀਆਂ ਵਧੀਆਂ ਮੁਸ਼ਕਲਾਂ, ਆਪਣੇ ਹੀ ਬਿਜ਼ਨੈੱਸ ਸਕੂਲ ਦੇ ਪ੍ਰਧਾਨ ਦਾ ਅਹੁਦਾ ਛੱਡਣਗੇ
Thursday, May 27, 2021 - 09:46 AM (IST)
ਨਵੀਂ ਦਿੱਲੀ (ਟਾ.) – ਚੀਨ ਦੀ ਦਿੱਗਜ਼ ਈ-ਕਾਮਰਸ ਕੰਪਨੀ ਅਲੀਬਾਬਾ ਦੇ ਫਾਊਂਡਰ ਅਤੇ ਅਰਬਪਤੀ ਕਾਰੋਬਾਰੀ ਜੈਕ ਮਾ ਨੂੰ ਦੇਸ਼ ਦੇ ਸੱਤਾ ਅਦਾਰੇ ਨਾਲ ਟਕਰਾਉਣ ਦੀ ਕੀਮਤ ਅਦਾ ਕਰਨੀ ਪੈ ਰਹੀ ਹੈ। ਇਕ ਰਿਪੋਰਟ ਮੁਤਾਬਕ ਜੈਕ ਮਾ ਮਸ਼ਹੂਰ ਬਿਜ਼ਨੈੱਸ ਸਕੂਲ ਦੇ ਪ੍ਰਧਾਨ ਦਾ ਅਹੁਦਾ ਛੱਡਣ ਜਾ ਰਹੇ ਹਨ। ਇਸ ਸਕੂਲ ਦੀ ਸਥਾਪਨਾ ਖੁਦ ਜੈਕ ਮਾ ਨੇ ਕੀਤੀ ਸੀ। ਚੀਨ ਦੇ ਰੈਗੂਲੇਟਰਸ ਨੇ ਅਲੀਬਾਬਾ ਦੀ ਫਿਨਟੈੱਕ ਕੰਪਨੀ ਦੀ ਜਾਂਚ ਕੀਤੀ ਸੀ ਅਤੇ ਉਸ ’ਤੇ ਭਾਰੀ ਜੁਰਮਾਨਾ ਲਗਾਇਆ ਸੀ। ਉਦੋਂ ਤੋਂ ਜੈਕ ਮਾ ਜਨਤਕ ਤੌਰ ’ਤੇ ਘੱਟ ਹੀ ਨਜ਼ਰ ਆਏ ਹਨ।
ਜੈਕ ਮਾ ਨੇ 2015 ’ਚ ਆਪਣੇ ਹੋਮ ਟਾਊਨ ਹੈਂਗਜੂ ’ਚ ਹੁਪਾਨ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਇਹ ਚੀਨ ਦੇ ਬਿਜ਼ਨੈੱਸ ਐਗਜ਼ੀਕਿਊਟਿਵਸ ਲਈ ਇਕ ਮਸ਼ਹੂਰ ਅਕੈੱਡਮੀ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਇਸ ਸਕੂਲ ਨੇ ਆਪਣਾ ਨਾਂ ਬਦਲ ਦਿੱਤਾ ਹੈ ਅਤੇ ਆਪਣੇ ਸਿਲੇਬਸ ’ਚ ਵੀ ਬਦਲਾਅ ਕਰਨ ਜਾ ਰਿਹਾ ਹੈ। ਪੁਨਰਗਠਨ ਤੋਂ ਬਾਅਦ ਬਣਨ ਵਾਲੇ ਸੰਸਥਾਨ ’ਚ ਜੈਕ ਮਾ ਲਈ ਕੋਈ ਥਾਂ ਨਹੀਂ ਹੋਵੇਗੀ। ਇਸ ਦਾ ਕਾਰਨ ਇਹ ਹੈ ਕਿ ਸਰਕਾਰ ਉਨ੍ਹਾਂ ਦੇ ਪ੍ਰਭਾਵ ਨੂੰ ਘੱਟ ਕਰਨਾ ਚਾਹੁੰਦੀ ਹੈ।
ਜੈਕ ਮਾ ਨਾਲ ਕੰਮ ਕਰ ਚੁੱਕੇ ਇਕ ਸੂਤਰ ਨੇ ਕਿਹਾ ਕਿ ਹੁਪਾਨ ਇਕ ਏਲੀਟ ਕਮਿਊਨਿਟੀ ਵਾਂਗ ਹੈ, ਇਸ ਲਈ ਇਹ ਸਰਕਾਰ ਦੇ ਨਿਸ਼ਾਨ ’ਤੇ ਹੈ। ਪਿਛਲੇ ਮਹੀਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਵੀਡੀਓਜ਼ ’ਚ ਮਜ਼ਦੂਰ ਹੁਪਾਨ ਯੂਨੀਵਰਿਸੀਟ ਦੇ ਸਾਈਨ ਨੂੰ ਹਟਾਉਂਦੇ ਹੋਏ ਦਿਖਾਈ ਦੇ ਰਹੇ ਹਨ। ਪਿਛਲੇ ਮਹੀਨੇ ਇਕ ਰਿਪੋਰਟ ’ਚ ਕਿਹਾ ਗਿਆ ਸੀ ਕਿ ਹੁਪਾਨ ਯੂਨੀਵਰਸਿਟੀ ਨੇ ਸਰਕਾਰ ਦੇ ਦਬਾਅ ਤੋਂ ਬਾਅਦ ਨਵੇਂ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਬੰਦ ਕਰ ਦਿੱਤੀ। ਚੀਨ ਦੀ ਸਰਕਾਰ ਬੁਰੀ ਤਰ੍ਹਾਂ ਜੈਕ ਮਾ ਦੇ ਫਿਨਟੈੱਕ ਸਾਮਰਾਜ ਦੇ ਪਿੱਛੇ ਪਈ ਹੋਈ ਹੈ।