ਕੋਰੋਨਾ ਵਾਇਰਸ ਦੇ ਇਲਾਜ ਲਈ 6 ਦਿਨਾਂ 'ਚ ਹਸਪਤਾਲ ਬਣਾਏਗਾ ਚੀਨ

01/24/2020 3:29:55 PM

ਵੁਹਾਨ — ਕੋਰੋਨਾ ਵਾਇਰਸ ਦੀ ਤਬਾਹੀ ਨਾਲ ਨਜਿੱਠਣ ਲਈ ਚੀਨ ਨੇ ਤਿਆਰੀਆਂ ਤੇਜ਼ ਕਰ ਲਈਆਂ ਹਨ। ਸਭ ਤੋਂ ਵਧ ਪ੍ਰਭਾਵਤ ਸ਼ਹਿਰ ਵੁਹਾਨ ਦੇ ਪ੍ਰਸ਼ਾਸਨ ਨੇ ਸਿਰਫ 6 ਦਿਨਾਂ 'ਚ ਇਕ ਡੇਡਿਕੇਟਿਡ ਹਸਪਤਾਲ ਬਣਾਉਣ ਦਾ ਆਦੇਸ਼ ਦਿੱਤਾ ਹੈ। ਤਾਂ ਜੋ ਇਸ ਘਾਤਕ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜ਼ਿਕਰਯੋਗ ਹੈ ਕਿ ਇਸ ਘਾਤਕ ਵਾਇਰਸ ਕਾਰਨ ਚੀਨ ਵਿਚ ਹੁਣ ਤਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 594 ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋਏ ਮਿਲੇ ਹਨ।

ਸਥਾਨਕ ਮੀਡੀਆ ਮੁਤਾਬਕ ਪ੍ਰਸ਼ਾਸਨ ਨੇ ਸਰਕਾਰੀ ਨਿਰਮਾਣ ਕੰਪਨੀ ਨੂੰ ਕੈਡਿਅਨ ਜ਼ਿਲੇ ਵਿਚ ਇਕ ਐਮਰਜੈਂਸੀ ਹਸਪਤਾਲ ਦੀ ਡਿਜ਼ਾਈਨਿੰਗ ਕਰਨ ਅਤੇ ਉਸਾਰੀ ਦੀ ਜ਼ਿੰਮੇਵਾਰੀ ਦਿੱਤੀ ਹੈ। ਰਿਪੋਰਟ ਅਨੁਸਾਰ ਚਾਈਨਾ ਕੰਸਟਰੱਕਸ਼ਨ ਥਰਡ ਇੰਜੀਨੀਅਰਿੰਗ ਬਿਓਰੋ ਦੇ ਕਰਮਚਾਰੀ ਸ਼ੁੱਕਰਵਾਰ ਤੱਕ ਹਸਪਤਾਲ ਦਾ ਡਿਜ਼ਾਇਨ ਤਿਆਰ ਕਰ ਲੈਣਗੇ। ਹਾਲਾਂਕਿ ਅਜੇ ਤੱਕ ਨਿਰਮਾਣ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲੀ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਹ ਹਸਪਤਾਲ ਦੋ ਮੰਜ਼ਲਾ ਹੋ ਸਕਦਾ ਹੈ। ਵੁਹਾਨ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਅਸੀਂ ਆਉਣ ਵਾਲੇ ਸਮੇਂ ਵਿਚ ਇਕ ਲੰਮੀ ਲਾਈਨ ਵੇਖ ਸਕਦੇ ਹਾਂ ਅਜਿਹੀ ਸਥਿਤੀ ਵਿਚ ਹਸਪਤਾਲਾਂ ਵਿਚ ਬਿਸਤਰਿਆਂ ਦੀ ਘਾਟ ਹੋ ਜਾਵੇਗੀ।

ਸਾਰਸ ਵਾਇਰਸ ਦੇ ਸਮੇਂ 7 ਦਿਨਾਂ 'ਚ ਬਣਾਇਆ ਸੀ ਹਸਪਤਾਲ

ਸਾਰਸ ਵਾਇਰਸ ਦੇ ਇਲਾਜ ਲਈ 2002-2003 ਵਿਚ ਚੀਨ ਅਤੇ ਹਾਂਗਕਾਂਗ ਵਿਚ ਤਕਰੀਬਨ 650 ਲੋਕ ਮਾਰੇ ਗਏ ਸਨ। ਉਸ ਵਕਤ ਵੀ ਛੇ ਏਕੜ ਜ਼ਮੀਨ 'ਤੇ ਸਿਰਫ ਸੱਤ ਦਿਨਾਂ  'ਚ ਇਕ ਅਸਥਾਈ ਸਿਹਤ ਕੇਂਦਰ ਬਣਾਇਆ ਗਿਆ ਸੀ। ਇਸ ਵਿਚ 1000 ਬੈੱਡਾਂ ਦੀ ਵਿਵਸਥਾ ਕੀਤੀ ਗਈ ਸੀ। ਇਸ ਵਿਚ ਤਕਰੀਬਨ 7 ਹਜ਼ਾਰ ਬਿਲਡਰਾਂ ਨੇ ਸਹਿਯੋਗ ਦਿੱਤਾ ਸੀ। 

ਕੋਰੋਨਾ ਵਾਇਰਸ ਦਾ ਪਹਿਲਾ ਕੇਸ 31 ਦਸੰਬਰ ਨੂੰ ਵੁਹਾਨ ਸ਼ਹਿਰ 'ਚ ਮਿਲਿਆ ਸੀ। ਕੋਰੋਨਾ ਵਾਇਰਸ ਐਸ.ਏ.ਆਰ.ਐਸ.(0000) ਵਰਗਾ ਹੋਣ ਕਾਰਨ ਇਕ ਖ਼ਤਰਾ ਬਣਿਆ ਹੋਇਆ ਹੈ। ਵੀਹਾਨ ਤੋਂ ਬਾਹਰ ਜਾਣ ਵਾਲੀਆਂ ਸਾਰੀਆਂ ਉਡਾਣਾਂ ਅਤੇ ਰੇਲ ਗੱਡੀਆਂ ਵੀਰਵਾਰ ਸਵੇਰੇ ਬੰਦ ਕਰ ਦਿੱਤੀਆਂ ਗਈਆਂ ਸਨ।
ਚੀਨੀ ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਹੁਆਨਗਾਂਗ ਅਤੇ ਇਝੋਊ 'ਚ ਵੀ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ। ਦੋਵਾਂ ਸ਼ਹਿਰਾਂ ਵਿਚ ਜਨਤਕ ਆਵਾਜਾਈ ਅਤੇ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਹੈ। ਲੋਕਾਂ ਨੂੰ ਬਿਨਾਂ ਕਾਰਨ ਘਰ ਤੋਂ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ।


Related News