ਚੀਨ ’ਚ ਮਹਾਮਾਰੀ ਨਾਲ ਡਿੱਗੀਆਂ ਭਾਰਤੀ ਰੂੰ ਦੀਆਂ ਕੀਮਤਾਂ

02/09/2020 11:08:59 PM

ਜੈਤੋ (ਪਰਾਸ਼ਰ)-ਭਾਰਤ ’ਚ ਚਾਲੂ ਕਪਾਹ ਸਾਲ 2019-20 ਦੌਰਾਨ ਨਰਮੇ ਦੀ ਬੰਪਰ ਫਸਲ ਹੋਣ ਦੇ ਕਿਆਸ ਲਾਏ ਜਾ ਰਹੇ ਹਨ। 1 ਅਕਤੂਬਰ ਤੋਂ 31 ਜਨਵਰੀ, 2020 ਤੱਕ ਦੇਸ਼ ’ਚ ਕਪਾਹ ਆਮਦ ਦੇ ਵੱਖ-ਵੱਖ ਅੰਕੜੇ ਆਏ ਹਨ। ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਅਨੁਸਾਰ 31 ਜਨਵਰੀ ਤੱਕ ਭਾਰਤ ’ਚ 192.89 ਲੱਖ ਗੰਢ ਵ੍ਹਾਈਟ ਗੋਲਡ ਦੀ ਆਮਦ ਹੋਈ ਹੈ। ਇਕ ਗਰੁੱਪ ਦਾ ਮੰਨਣਾ ਹੈ ਕਿ ਆਮਦ 2.05 ਲੱਖ ਹੈ ਜੋ ਪਿਛਲੇ ਸਾਲ 1.65 ਲੱਖ ਗੰਢ ਇਸ ਮਿਆਦ ਦੌਰਾਨ ਪਹੁੰਚੀ ਸੀ। ਇਕ ਹੋਰ ਨਿੱਜੀ ਕਾਰੋਬਾਰੀ ਦਾ ਦਾਅਵਾ ਹੈ ਕਿ ਆਮਦ 210 ਲੱਖ ਗੰਢ ਵ੍ਹਾਈਟ ਗੋਲਡ ਦੀ ਮੰਡੀਆਂ ’ਚ ਆ ਚੁੱਕੀ ਹੈ। ਸੀ. ਏ. ਆਈ. ਅਨੁਸਾਰ ਦੇਸ਼ ’ਚ ਉਪਰੋਕਤ ਤਰੀਕ ਤੱਕ ਫਸਲ ਦੀ ਲਗਭਗ 55 ਫ਼ੀਸਦੀ ਆਮਦ ਮੰਡੀਆਂ ’ਚ ਹੋ ਚੁੱਕੀ ਹੈ।

ਸੀ. ਏ. ਆਈ. ਨੇ ਇਸ ਚਾਲੂ ਸੀਜ਼ਨ ’ਚ 354.50 ਲੱਖ ਗੰਢ ਵ੍ਹਾਈਟ ਗੋਲਡ ਦਾ ਅੰਦਾਜ਼ਾ ਪ੍ਰਗਟਾਇਆ ਹੈ, ਜਦੋਂ ਕਿ ਜ਼ਿਆਦਾਤਰ ਰੂੰ ਕਾਰੋਬਾਰੀਆਂ ਦਾ ਅੰਦਾਜ਼ਾ ਹੈ ਕਿ ਭਾਰਤ ’ਚ ਵ੍ਹਾਈਟ ਗੋਲਡ ਉਤਪਾਦਨ 380 ਤੋਂ 390 ਲੱਖ ਗੰਢ ਦੇ ਦਰਮਿਆਨ ਰਹੇਗਾ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਦੇਸ਼ ’ਚ ਹੁਣ ਤੱਕ 215 ਲੱਖ ਗੰਢ ਵ੍ਹਾਈਟ ਗੋਲਡ ਘਰੇਲੂ ਮੰਡੀਆਂ ’ਚ ਪਹੁੰਚ ਚੁੱਕੀ ਹੈ। ਇਸ ਦੌਰਾਨ ਇਕ ਵੱਡੇ ਰੂੰ ਕਾਰੋਬਾਰੀ ਨੇ ਦੱਸਿਆ ਕਿ ਸ਼ਨੀਵਾਰ ਤੱਕ ਉੱਤਰੀ ਜ਼ੋਨ ਦੇ ਸੂਬਿਆਂ ਦੀਆਂ ਘਰੇਲੂ ਮੰਡੀਆਂ ’ਚ ਲਗਭਗ 51,16,500 ਗੰਢ ਵ੍ਹਾਈਟ ਗੋਲਡ ਪਹੁੰਚ ਚੁੱਕਿਆ ਹੈ, ਜਿਸ ’ਚ ਪੰਜਾਬ ’ਚ 7,00,000 ਗੰਢ, ਹਰਿਆਣਾ 19,38,000 ਗੰਢ, ਸ਼੍ਰੀਗੰਗਾਨਗਰ ਸਰਕਲ 14,01,500 ਗੰਢ ਅਤੇ ਲੋਅਰ ਰਾਜਸਥਾਨ ਭੀਲਵਾੜਾ ਖੇਤਰ ਸਮੇਤ 10,77,000 ਗੰਢ ਦਾ ਵ੍ਹਾਈਟ ਗੋਲਡ ਸ਼ਾਮਲ ਹੈ। ਦੇਸ਼ ’ਚ ਅੱਜਕਲ 2.10 ਲੱਖ ਗੰਢ ਤੋਂ ਜ਼ਿਆਦਾ ਰੋਜ਼ਾਨਾ ਆਮਦ ਚੱਲ ਰਹੀ ਹੈ, ਜਿਸ ’ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ 20,000 ਗੰਢ ਦੀ ਆਮਦ ਵੀ ਸ਼ਾਮਲ ਹੈ।

ਬਾਜ਼ਾਰ ਜਾਣਕਾਰਾਂ ਅਨੁਸਾਰ ਚੀਨ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਜ਼ਬਰਦਸਤ ਕਹਿਰ ਕਾਰਣ ਭਾਰਤ ਸਮੇਤ ਕੌਮਾਂਤਰੀ ਰੂੰ, ਯਾਰਨ ਅਤੇ ਕਪਾਹ ਬਾਜ਼ਾਰਾਂ ’ਤੇ ਬੁਰਾ ਅਸਰ ਦੇਖਣ ਨੂੰ ਮਿਲਿਆ ਹੈ। ਭਾਰਤੀ ਰੂੰ ਵਪਾਰ ਜਗਤ ਪਿਛਲੇ ਕਈ ਸਾਲਾਂ ਤੋਂ ਪੈਸੇ ਦੀ ਵੱਡੀ ਤੰਗੀ ਨਾਲ ਜੂਝ ਰਿਹਾ ਹੈ ਅਤੇ ਹੁਣ ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਨੇ ਭਾਰਤੀ ਰੂੰ ਬਾਜ਼ਾਰ ਜਗਤ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਚੀਨ ’ਚ ਕਾਰੋਬਾਰ ਬੰਦ ਹੋਣ ਨਾਲ ਭਾਰਤੀ ਕਾਰੋਬਾਰੀਆਂ ਦੀਆਂ ਬੈਂਕਾਂ ਦੀ ਐੱਲ. ਸੀ. ਰੁਕ ਗਈ ਹੈ, ਜਿਸ ਨਾਲ ਪੈਸੇ ਦੀ ਤੰਗੀ ਹੋਣਾ ਸੁਭਾਵਿਕ ਗੱਲ ਹੈ। ਮੰਨਿਆ ਜਾਂਦਾ ਹੈ ਕਿ ਚੀਨ ਦੁਨੀਆ ਦਾ ਪ੍ਰਮੁੱਖ ਕਪਾਹ ਦਰਾਦਮਕਾਰ ਦੇਸ਼ ਹੈ, ਜਿਸ ਕਾਰਣ ਭਾਰਤ ਤੋਂ 40 ਤੋਂ 50 ਫ਼ੀਸਦੀ ਯਾਰਨ ਅਤੇ ਕਪਾਹ ਚੀਨ ਨੂੰ ਜਾਂਦੀ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਣ ਉਥੇ ਬਰਾਮਦ ਤਾਂ ਰੁਕ ਹੀ ਗਈ ਹੈ। ਦੂਜੇ ਪਾਸੇ ਇਸ ਸਮੇਂ ਰੂੰ ਅਤੇ ਯਾਰਨ ਦੇ ਨਵੇਂ ਸੌਦੇ ਨਹੀਂ ਹੋ ਰਹੇ ਹਨ। ਇਸ ਤੋਂ ਕਿਆਸ ਲਾਏ ਜਾ ਰਹੇ ਹਨ ਕਿ ਰੂੰ ਕੀਮਤਾਂ ’ਚ ਗਿਰਾਵਟ ਬਣ ਸਕਦੀ ਹੈ। ਸੂਤਰਾਂ ਅਨੁਸਾਰ ਪਿਛਲੇ ਲਗਭਗ 10 ਦਿਨਾਂ ’ਚ ਲਗਭਗ 70 ਰੁਪਏ ਮਣ ਕੀਮਤਾਂ ਮੂਧੇ ਮੂੰਹ ਡਿੱਗ ਚੁੱਕੀਆਂ ਹਨ। ਇਸ ਮੰਦੀ ਦਾ ਮੁੱਖ ਕਾਰਣ ਚੀਨ ’ਚ ਕੋਰੋਨਾ ਵਾਇਰਸ ਨਾਲ ਫੈਲੀ ਮਹਾਮਾਰੀ ਮੰਨਿਆ ਜਾ ਰਿਹਾ ਹੈ।

ਵੱਡੇ ਗਰੁੱਪਾਂ ਨੇ ਬਾਜ਼ਾਰ ਤੋਂ ਮੂੰਹ ਫੇਰਿਆ

ਪੰਜਾਬ ਸਥਿਤ ਕੌਮਾਂਤਰੀ ਵੱਡੇ ਸਪਿਨਿੰਗ ਮਿੱਲਜ਼ ਗਰੁੱਪਾਂ ਨੇ ਕਈ ਦਿਨਾਂ ਤੋਂ ਰੂੰ ਦੀ ਖਰੀਦ ਤੋਂ ਮੂੰਹ ਫੇਰ ਰੱਖਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਹ ਵੱਡੇ ਗਰੁੱਪ ਕੌਮਾਂਤਰੀ ਬਾਜ਼ਾਰ ’ਚ ਯਾਰਨ ਦੀ ਮੰਦੀ ’ਚ ਬੈਠੇ ਹਨ, ਜਿਸ ਕਾਰਣ ਹੀ ਗਰੁੱਪਾਂ ਨੇ ਆਪਣੀ ਖਪਤ ਅਨੁਸਾਰ ਸਟਾਕ ਕਰ ਕੇ ਸਰਪਲਸ ਰੂੰ ਲੈਣਾ ਬੰਦ ਕਰ ਦਿੱਤਾ ਹੈ। ਦੂਜੇ ਪਾਸੇ ਜ਼ਿਆਦਾਤਰ ਸਪਿਨਿੰਗ ਮਿੱਲਾਂ ਆਪਣੀ ਰੋਜ਼ਾਨਾ ਖਪਤ ਤੋਂ ਵੀ ਘੱਟ ਰੂੰ ਖਰੀਦ ਰਹੀਆਂ ਹਨ ਪਰ ਇਨ੍ਹਾਂ ਮਿੱਲਾਂ ਕੋਲ ਲਗਭਗ 30 ਤੋਂ 45 ਦਿਨਾਂ ਦਾ ਸਟਾਕ ਹੱਥ ’ਚ ਰੱਖਿਆ ਹੋਇਆ ਹੈ, ਜਦੋਂ ਕਿ ਵੱਡੇ ਸਪਿਨਿੰਗ ਗਰੁੱਪਾਂ ਕੋਲ 3-4 ਮਹੀਨੀਆਂ ਦਾ ਸਟਾਕ ਹੋਣ ਦੀ ਸੂਚਨਾ ਹੈ।

ਯਾਰਨ ’ਚ 7-8 ਰੁਪਏ ਕਿਲੋ ਆਈ ਮੰਦੀ

ਚੀਨ ’ਚ ਕੋਰੋਨਾ ਵਾਇਰਸ ਦੇ ਕਹਿਰ ਕਾਰਣ ਭਾਰਤੀ ਯਾਰਨ ’ਚ ਹਾਲ ਹੀ ’ਚ 7-8 ਰੁਪਏ ਕਿਲੋ ਮੰਦੀ ਆ ਚੁੱਕੀ ਹੈ। ਉਥੇ ਫੈਲੇ ਕੋਰੋਨਾ ਵਾਇਰਸ ਨਾਲ ਯਾਰਨ ਬਰਾਮਦ ’ਤੇ ਅਸਰ ਪੈ ਚੁੱਕਾ ਹੈ, ਜਿਸ ਨਾਲ ਲੱਗਦਾ ਹੈ ਕਿ ਯਾਰਨ ਦੀਆਂ ਕੀਮਤਾਂ ’ਚ ਹੋਰ ਗਿਰਾਵਟ ਆ ਸਕਦੀ ਹੈ। ਹਾਜ਼ਰ ਰੂੰ ਦੇ ਭਾਅ ਯਾਰਨ ਦੇ ਨਾਲ ਸਿੱਧੇ-ਸਿੱਧੇ ਜੁਡ਼ੇ ਹੋਏ ਹਨ।


Karan Kumar

Content Editor

Related News