ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ

Wednesday, Jan 13, 2021 - 09:28 AM (IST)

ਚੀਨ ’ਤੇ ਸ਼ਿਕੰਜਾ ਕੱਸੇ ਜਾਣ ਕਾਰਣ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋਇਆ ਵਾਧਾ

ਨਵੀਂ ਦਿੱਲੀ– ਚੀਨ ਵਲੋਂ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਦਰਾਮਦ ’ਤੇ ਸ਼ਿਕੰਜਾ ਕੱਸੇ ਜਾਣ ਪਿੱਛੋਂ ਭਾਰਤੀ ਕੰਪਨੀਆਂ ਦੀਆਂ ਵੱਖ-ਵੱਖ ਵਸਤਾਂ ਜਿਨ੍ਹਾਂ ’ਚ ਇਲੈਕਟ੍ਰਾਨਿਕ ਦਾ ਸਾਮਾਨ ਪ੍ਰਮੁੱਖ ਰੂਪ ’ਚ ਸ਼ਾਮਲ ਹੈ, ਦੀਆਂ ਕੀਮਤਾਂ ’ਚ ਵਾਧਾ ਹੋ ਗਿਆ ਹੈ। ਇਸ ਸਮੇਂ ਟੀ. ਵੀ. ਸੈੱਟ ਅਤੇ ਲੈਪਟਾਪ ਦੀਆਂ ਕੀਮਤਾਂ ਚ ਇਹ ਵਾਧਾ ਵਧੇਰੇ ਹੋਇਆ ਹੈ। ਇਸ ਦਾ ਇਕ ਕਾਰਣ ਇਹ ਵੀ ਹੈ ਕਿ ਸਮੁੱਚੀ ਦੁਨੀਆ ’ਚ ਦੋਹਾਂ ਦੀ ਮੰਗ ’ਚ ਭਾਰੀ ਵਾਧਾ ਹੋਇਆ ਹੈ।

ਵਿਜੇ ਸੇਲਸ ਦੇ ਡਾਇਰੈਕਟਰ ਨਿਲੇਸ਼ ਗੁਪਤਾ ਨੇ ਦੱਸਿਆ ਕਿ ਟੈਲੀਵਿਜ਼ਨ ਦੇ ਖੇਤਰ ’ਚ ਮੰਗ ਵਿਸ਼ੇਸ਼ ਤੌਰ ’ਤੇ ਵਧੀ ਹੈ। ਇਸ ਦੇ ਪੈਨਲਾਂ ਦੀ ਕੀਮਤ ਵੀ ਵਧ ਗਈ ਹੈ। ਕੀਮਤਾਂ ਇੰਨੀਆਂ ਵਧ ਗਈਆਂ ਹਨ ਕਿ ਕੋਈ ਵੀ ਦੁਕਾਨਦਾਰ ਜਾਂ ਸਟਾਕਿਸਟ ਟੈਲੀਵਿਜ਼ਨ ਅਤੇ ਲੈਪਟਾਪ ਦਾ ਸਟਾਕ ਨਹੀਂ ਕਰਨਾ ਚਾਹੁੰਦਾ। ਗੁਪਤਾ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਕੁਝ ਇਲੈਕਟ੍ਰਾਨਿਕ ਖਪਤਕਾਰ ਵਸਤਾਂ ਦੀਆਂ ਕੀਮਤਾਂ ’ਚ ਇਸ ਸਾਲ ਦੇ ਪਹਿਲੇ ਤਿੰਨ ਮਹੀਨਿਆਂ ’ਚ 7 ਤੋਂ 8 ਫੀਸਦੀ ਤੱਕ ਦਾ ਵਾਧਾ ਹੋਵੇਗਾ। ਪਿਛਲੇ ਕਈ ਸਾਲਾਂ ਦੌਰਾਨ ਇਹ ਪਹਿਲੀ ਵਾਰ ਹੈ ਕਿ ਅਸੀਂ ਕੁਝ ਵਸਤਾਂ ਦੀਆਂ ਕੀਮਤਾਂ ’ਚ 14 ਫੀਸਦੀ ਤੱਕ ਦਾ ਵਾਧਾ ਦੇਖਿਆ ਹੈ।

ਚੀਨ ਤੋਂ ਆਉਣ ਵਾਲੇ ਸਾਮਾਨ ਦੀ ਟ੍ਰਾਂਸਪੋਰਟੇਸ਼ਨ ’ਚ ਤਿੰਨ ਤੋਂ ਚਾਰ ਗੁਣਾ ਵਾਧਾ ਹੋਇਆ ਹੈ। ਇਸ ਕਾਰਣ ਟੀ. ਵੀ. ਪੈਨਲ ਮਹਿੰਗੇ ਹੋ ਗਏ ਹਨ। ਇਸ ਦੇ ਨਾਲ ਹੀ ਕਾਪਰ ਅਤੇ ਐਲੁਮਿਨੀਅਮ ਦੀਆਂ ਕੀਮਤਾਂ ’ਚ ਵੀ ਵਾਧਾ ਹੋਇਆ ਹੈ, ਜਿਸ ਦਾ ਅਸਰ ਦੂਜੀਆਂ ਵਸਤਾਂ ’ਤੇ ਪਿਆ ਹੈ। ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ ਦੇ ਰਿਸਰਚ ਡਾਇਰੈਕਟਰ ਨਵਕੇਂਦਰ ਸਿੰਘ ਨੇ ਕਿਹਾ ਕਿ ਸਮਾਰਟਫੋਨ ਦੀਆਂ ਕੀਮਤਾਂ ’ਚ ਅਜੇ ਟਿਕਾਅ ਹੈ, ਇਸ ਦਾ ਕਾਰਣ ਇਹ ਹੈ ਕਿ ਮਾਰਕੀਟ ’ਚ ਵਿਕਰੀ ਲਈ ਵਧੇਰੇ ਸਮਾਰਟਫੋਨ ਨਹੀਂ ਹਨ।

ਐੱਲ. ਜੀ. ਦੀਆਂ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਹੋ ਸਕਦੈ 7 ਤੋਂ 8 ਫੀਸਦੀ ਵਾਧਾ
ਪੈਨਾਸੋਨਿਕ ਮੁਤਾਬਕ ਉਸ ਨੂੰ ਜਨਵਰੀ ’ਚ ਆਪਣੇ ਟੀ. ਵੀ. ਸੈੱਟਾਂ ਦੀ ਕੀਮਤ ’ਚ 6 ਤੋਂ 7 ਫੀਸਦੀ ਤੱਕ ਵਾਧਾ ਹੋਣ ਦੀ ਉਮੀਦ ਹੈ। ਆਉਂਦੇ ਤਿੰਨ ਮਹੀਨਿਆਂ ਦੌਰਾਨ ਇਸ ’ਚ 10 ਤੋਂ 11 ਫੀਸਦੀ ਤੱਕ ਵਾਧਾ ਹੋ ਸਕਦਾ ਹੈ। ਐੱਲ. ਜੀ. ਦੀਆਂ ਇਲੈਕਟ੍ਰਾਨਿਕ ਵਸਤਾਂ ਦੀਆਂ ਕੀਮਤਾਂ ’ਚ ਵੀ 7 ਤੋਂ 8 ਫੀਸਦੀ ਵਾਧਾ ਹੋਣ ਦੀ ਸੰਭਾਵਨਾ ਹੈ। ਇਨ੍ਹਾਂ ’ਚ ਟੀ. ਵੀ. ਅਤੇ ਵਾਸ਼ਿੰਗ ਮਸ਼ੀਨਾਂ ਪ੍ਰਮੁੱਖ ਹਨ। ਫਰਿੱਜ਼ ਵੀ ਮਹਿੰਗੇ ਹੋ ਸਕਦੇ ਹਨ। ਕੰਜਿਊਮਰ ਐਂਡ ਗੇਮਿੰਗ ਪੀ. ਸੀ., ਐੱਸ. ਵਾਈ. ਐੱਸ. ਬਿਜਨਸ ਗਰੁੱਪ ਦੇ ਮੁਖੀ ਅਰਨਾਲਡ ਨੇ ਦੱਸਿਆ ਕਿ ਇਸ ਸਮੇਂ ਲੈਪਟਾਪ ਦੀ ਮੰਗ ਸਭ ਤੋਂ ਵੱਧ ਹੈ। ਇਸ ਦੀਆਂ ਕੀਮਤਾਂ ’ਚ ਕੁਝ ਵਾਧਾ ਹੋਣ ਦੀ ਉਮੀਦ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


author

cherry

Content Editor

Related News