10 ਅਗਸਤ ਨੂੰ ਆ ਰਿਹੈ ਇਹ 3,850 ਕਰੋੜ ਰੁਪਏ ਦਾ ਇਕ ਹੋਰ ਆਈ. ਪੀ. ਓ.
Thursday, Aug 05, 2021 - 03:28 PM (IST)
ਨਵੀਂ ਦਿੱਲੀ- ਇਸ ਮਹੀਨੇ ਆਈ. ਪੀ. ਓ. ਦੀ ਬਹਾਰ ਲੱਗੀ ਹੋਈ ਹੈ। ਹੁਣ ਇਕ ਹੋਰ ਕੰਪਨੀ ਸ਼ੇਅਰ ਬਾਜ਼ਾਰ ਵਿਚ ਦਸਤਕ ਦੇਣ ਜਾ ਰਹੀ ਹੈ। ਸਪੈਸ਼ਲਿਟੀ ਕੈਮੀਕਲਜ਼ ਬਣਾਉਣ ਵਾਲੀ ਕੰਪਨੀ ਕੈਂਪਲਾਸਟ ਸਨਮਾਰ ਲਿਮਟਿਡ 3,850 ਕਰੋੜ ਦਾ ਆਈ. ਪੀ. ਓ. ਲੈ ਕੇ ਆ ਰਹੀ ਹੈ, ਜੋ 10 ਅਗਸਤ ਨੂੰ ਖੁੱਲ੍ਹਣ ਵਾਲਾ ਹੈ।
ਇਸ ਆਈ. ਪੀ. ਓ. ਵਿਚ ਕੰਪਨੀ ਨੇ ਪ੍ਰਤੀ ਸ਼ੇਅਰ ਦੀ ਕੀਮਤ 530-540 ਰੁਪਏ ਵਿਚਕਾਰ ਨਿਰਧਾਰਤ ਕੀਤੀ ਹੈ। ਵੀਰਵਾਰ ਨੂੰ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਚੇਨਈ ਸਥਿਤ ਕੰਪਨੀ ਨੇ ਇਕ ਵੀਡੀਓ ਕਾਨਫਰੰਸ ਵਿਚ ਕਿਹਾ ਕਿ ਸ਼ੁਰੂਆਤੀ ਸ਼ੇਅਰ ਵਿਕਰੀ 10 ਅਗਸਤ ਨੂੰ ਜਨਤਕ ਅਰਜ਼ੀ ਲਈ ਖੁੱਲ੍ਹੇਗੀ ਅਤੇ 12 ਅਗਸਤ ਨੂੰ ਖ਼ਤਮ ਹੋਵੇਗੀ। 3,850 ਕਰੋੜ ਰੁਪਏ ਦੇ ਇਸ ਆਈ. ਪੀ. ਓ. ਵਿਚ 1,300 ਕਰੋੜ ਰੁਪਏ ਦੇ ਨਵੇਂ ਸ਼ੇਅਰਾਂ ਦੀ ਪੇਸ਼ਕਸ਼ ਅਤੇ 2,550 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਓ. ਐੱਫ. ਐੱਸ. ਤਹਿਤ ਸ਼ਾਮਲ ਹਨ। ਓ. ਐੱਫ. ਐੱਸ. ਤਹਿਤ ਪ੍ਰਸਤਾਵ ਵਿਕਰੀਵਿਚ ਸਨਮਾਰ ਹੋਲਡਿੰਗਜ਼ ਲਿਮਟਿਡ ਵੱਲੋਂ 2,463.44 ਕਰੋੜ ਰੁਪਏ ਅਤੇ ਸਨਮਾਰ ਇੰਜੀਨੀਅਰਿੰਗ ਸਰਵਿਸਿਜ਼ ਲਿਮਟਿਡ ਵੱਲੋਂ 86.56 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਸ਼ਾਮਲ ਹੈ। ਕੰਪਨੀ ਚੇਨਈ ਦੇ ਉਦਯੋਗਿਕ ਸੰਗਠਨ ਸਨਮਾਰ ਸਮੂਹ ਦਾ ਹਿੱਸਾ ਹੈ, ਜੋ ਰਸਾਇਣਾਂ, ਸ਼ਿਪਿੰਗ ਅਤੇ ਇੰਜੀਨੀਅਰਿੰਗ ਵਿਚ ਕਾਰੋਬਾਰ ਕਰਦੀ ਹੈ। ਇਹ ਪੇਸਟ ਪੀਵੀਸੀ, ਕਲੋਰੋ-ਰਸਾਇਣਾਂ, ਕਾਸਟਿਕ ਸੋਡਾ, ਹਾਈਡ੍ਰੋਜਨ ਪਰਆਕਸਾਈਡ, ਅਤੇ ਰੈਫਰੀਜਰੇਂਟ ਗੈਸਾਂ ਦਾ ਨਿਰਮਾਣ ਕਰਦਾ ਹੈ।