H1B ਵੀਜ਼ਾ ''ਤੇ ਮਿਲੇਗੀ ਵੱਡੀ ਰਾਹਤ, ਅਮਰੀਕਾ ''ਚ ਇਹ ਲੋਕ ਹੋ ਸਕਣਗੇ ਪੱਕੇ!

Saturday, Jan 12, 2019 - 03:49 PM (IST)

H1B ਵੀਜ਼ਾ ''ਤੇ ਮਿਲੇਗੀ ਵੱਡੀ ਰਾਹਤ, ਅਮਰੀਕਾ ''ਚ ਇਹ ਲੋਕ ਹੋ ਸਕਣਗੇ ਪੱਕੇ!

ਵਾਸ਼ਿੰਗਟਨ— ਟਰੰਪ ਸਰਕਾਰ ਜਲਦ ਹੀ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦੇਣ ਜਾ ਰਹੀ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਸੰਕੇਤ ਦਿੱਤਾ ਹੈ ਕਿ ਨਵੇਂ ਵੀਜ਼ਾ ਨਿਯਮਾਂ ਨਾਲ ਪ੍ਰਤਿਭਾਸ਼ਾਲੀ ਪੇਸ਼ੇਵਰਾਂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲਣ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਐੱਚ-1ਬੀ ਵੀਜ਼ਾ ਨਿਯਮਾਂ ਨੂੰ ਪੂਰੀ ਤਰ੍ਹਾਂ ਬਦਲਿਆ ਜਾ ਰਿਹਾ ਹੈ, ਜਿਸ 'ਚ ਨਾ ਸਿਰਫ ਸਹੂਲਤ ਬਿਹਤਰ ਹੋਵੇਗੀ ਸਗੋਂ ਕਾਮਿਆਂ ਦੇ ਅਮਰੀਕੀ ਨਾਗਰਿਕ ਬਣਨ ਦਾ ਰਸਤਾ ਵੀ ਬਣ ਸਕਦਾ ਹੈ।

ਦੱਸ ਦੇਈਏ ਕਿ ਡੋਨਾਲਡ ਟਰੰਪ ਮੈਕਸੀਕੋ ਜ਼ਰੀਏ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਵੜ੍ਹਨ ਵਾਲੇ ਇਮੀਗ੍ਰੈਂਟਸ ਅਤੇ ਸ਼ਰਨਾਰਥੀ ਬਣ ਕੇ ਪੱਕੇ ਹੋਣ ਦੀ ਤਾਕ 'ਚ ਆਉਣ ਵਾਲੇ ਲੋਕਾਂ ਦੇ ਸਖਤ ਖਿਲਾਫ ਹਨ। ਉੱਥੇ ਹੀ, ਉੱਚ ਸਿੱਖਿਆ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਅਮਰੀਕਾ ਆਪਣੇ ਇੱਥੇ ਨੌਕਰੀ ਕਰਨ ਦਾ ਮੌਕਾ ਦਿੰਦਾ ਹੈ। ਐੱਚ-1ਬੀ ਵੀਜ਼ਾ ਭਾਰਤੀ ਆਈ. ਟੀ. ਪੇਸ਼ੇਵਰਾਂ 'ਚ ਕਾਫੀ ਲੋਕਪ੍ਰਿਅ ਹੈ। ਇਸ ਲਿਹਾਜ ਨਾਲ ਐੱਚ-1ਬੀ ਵੀਜ਼ਾ ਨੂੰ ਲੈ ਕੇ ਭਾਰਤੀ ਆਈ. ਟੀ. ਪੇਸ਼ੇਵਰਾਂ ਲਈ ਚੰਗੀ ਖਬਰ ਹੈ ਕਿਉਂਕਿ ਅਜੇ ਉਨ੍ਹਾਂ ਨੂੰ ਅਮਰੀਕਾ 'ਚ ਪੱਕੀ ਨਾਗਰਿਕਤਾ ਜਾਂ ਗ੍ਰੀਨ ਕਾਰਡ ਹਾਸਲ ਕਰਨ ਲਈ ਦਹਾਕਿਆਂ ਤਕ ਉਡੀਕ ਕਰਨੀ ਪੈਂਦੀ ਹੈ।
 

ਕੀ ਹੈ ਐੱਚ-1ਬੀ ਵੀਜ਼ਾ?
ਅਮਰੀਕਾ 'ਚ ਐੱਚ-1ਬੀ ਵੀਜ਼ਾ ਵਿਦੇਸ਼ੀ ਆਈ. ਟੀ. ਪੇਸ਼ੇਵਰਾਂ ਨੂੰ ਆਰਜ਼ੀ ਤੌਰ 'ਤੇ ਅਮਰੀਕਾ 'ਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।ਹਰ ਸਾਲ ਇਸ ਸ਼੍ਰੇਣੀ ਦੇ ਸੀਮਤ ਵੀਜ਼ੇ ਹੀ ਜਾਰੀ ਕੀਤੇ ਜਾਂਦੇ ਹਨ ਪਰ ਜੋ ਵੀਜ਼ੇ ਹੁਣ ਤਕ ਜਾਰੀ ਹੁੰਦੇ ਆਏ ਹਨ ਉਨ੍ਹਾਂ 'ਚ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੀ ਰਹੀ ਹੈ। ਇਸ ਵੀਜ਼ਾ ਦੀਆਂ ਅੱਗੇ 3 ਸ਼੍ਰੇਣੀਆਂ- ਸਾਧਾਰਨ ਸ਼੍ਰੇਣੀ, ਮਾਸਟਰ ਸ਼੍ਰੇਣੀ, ਰਿਜ਼ਰਵ ਸ਼੍ਰੇਣੀ ਹਨ। 
ਸਾਧਾਰਨ ਸ਼੍ਰੇਣੀ ਤਹਿਤ ਇਕ ਸਾਲ 'ਚ 65,000 ਵੀਜ਼ੇ ਦਿੱਤੇ ਜਾਂਦੇ ਹਨ।ਇਸ ਵੀਜ਼ਾ ਲਈ ਕੋਈ ਵੀ ਅਰਜ਼ੀ ਦੇ ਸਕਦਾ ਹੈ।ਮਾਸਟਰ ਸ਼੍ਰੇਣੀ ਤਹਿਤ ਜੋ ਵਿਦਿਆਰਥੀ ਅਮਰੀਕਾ 'ਚ ਮਾਸਟਰ ਡਿਗਰੀ ਪੂਰੀ ਕਰਦੇ ਹਨ, ਉਨ੍ਹਾਂ ਲਈ 20,000 ਵੀਜ਼ੇ ਦਿੱਤੇ ਜਾਂਦੇ ਹਨ।ਇਸ ਵੀਜ਼ਾ ਲਈ ਹਰ ਕੋਈ ਅਰਜ਼ੀ ਨਹੀਂ ਦੇ ਸਕਦਾ।ਰਿਜ਼ਰਵ ਸ਼੍ਰੇਣੀ ਤਹਿਤ 6,800 ਵੀਜ਼ਾ ਸਿਰਫ ਸਿੰਗਾਪੁਰ ਅਤੇ ਚਿਲੀ ਲਈ ਸੁਰੱਖਿਅਤ ਹਨ।ਕਾਰਪੋਰੇਟ ਜਾਂ ਕੰਪਨੀਆਂ ਆਪਣੇ ਕਰਮਚਾਰੀਆਂ ਲਈ ਐੱਚ-1ਬੀ ਵੀਜ਼ਾ ਲਈ ਅਰਜ਼ੀਆਂ ਦਾਇਰ ਕਰਦੀਆਂ ਹਨ।ਕੁਝ ਕੰਪਨੀਆਂ ਇਹ ਵੀਜ਼ਾ ਸਪਾਂਸਰ ਵੀ ਕਰਦੀਆਂ ਹਨ।ਐੱਚ-1ਬੀ ਵੀਜ਼ਾ ਇਸ ਦੇ ਜਾਰੀ ਹੋਣ ਦੇ ਸਮੇਂ ਤੋਂ 3 ਸਾਲਾਂ ਤਕ ਲਈ ਹੁੰਦਾ ਹੈ।ਹਾਲਾਂਕਿ ਬਾਅਦ 'ਚ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।


Related News