PPF ਤੋਂ ਲੈ ਕੇ ਕਿਸਾਨ ਵਿਕਾਸ ਪੱਤਰ ਸਕੀਮਾਂ ਤਕ ''ਤੇ ਜਲਦ ਘੱਟ ਸਕਦੈ ਵਿਆਜ

09/25/2019 3:55:10 PM

ਨਵੀਂ ਦਿੱਲੀ— ਨਿੱਜੀ ਤੇ ਸਰਕਾਰੀ ਬੈਂਕਾਂ ਵੱਲੋਂ ਫਿਕਸਡ ਡਿਪਾਜ਼ਿਟ ਦਰਾਂ 'ਚ ਕੀਤੀ ਜਾ ਰਹੀ ਕਟੌਤੀ ਵਿਚਕਾਰ ਨਿਵੇਸ਼ਕਾਂ ਨੂੰ ਹੁਣ ਛੋਟੀਆਂ ਬੱਚਤ ਸਕੀਮਾਂ 'ਤੇ ਵੀ ਝਟਕਾ ਲੱਗ ਸਕਦਾ ਹੈ। ਸਰਕਾਰ ਜਲਦ ਹੀ ਦਸੰਬਰ ਤਿਮਾਹੀ ਲਈ ਪਬਲਿਕ ਪ੍ਰੋਵੀਡੈਂਟ ਫੰਡ (ਪੀ. ਪੀ. ਐੱਫ.), ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ ਟਾਈਮ ਡਿਪਾਜ਼ਿਟ (ਟੀ. ਡੀ.) ਤੇ ਸੁਕੰਨਿਆ ਸਮਰਿਧੀ ਵਰਗੀਆਂ ਛੋਟੀਆਂ ਬਚਤ ਸਕੀਮਾਂ ਲਈ ਵਿਆਜ ਦਰਾਂ ਦਾ ਐਲਾਨ ਕਰਨ ਜਾ ਰਹੀ ਹੈ।


ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਨ੍ਹਾਂ ਸਕੀਮਾਂ 'ਤੇ ਵਿਆਜ ਦਰਾਂ 'ਚ ਕਟੌਤੀ ਕੀਤੀ ਜਾ ਸਕਦੀ ਹੈ। ਹਾਲਾਂਕਿ, ਬੈਂਕਾਂ ਦੀ ਐੱਫ. ਡੀ. 'ਤੇ ਮਿਲ ਰਹੇ ਇੰਟਰਸਟ ਰੇਟ ਤੋਂ ਇਹ ਵੱਧ ਰਹਿ ਸਕਦੀ ਹੈ। ਮੌਜੂਦਾ ਸਮੇਂ ਬੈਂਕਾਂ 'ਚ ਐੱਫ. ਡੀ. 'ਤੇ ਵੱਧ ਤੋਂ ਵੱਧ ਵਿਆਜ 7 ਫੀਸਦੀ ਹੈ।

ਪਿਛਲੀ ਵਾਰ ਸਰਕਾਰ ਨੇ ਜੁਲਾਈ-ਸਤੰਬਰ ਲਈ ਇਨ੍ਹਾਂ ਸਕੀਮਾਂ ਦੀਆਂ ਵਿਆਜ ਦਰਾਂ 'ਚ 0.10 ਫੀਸਦੀ ਦੀ ਕਟੌਤੀ ਕੀਤੀ ਸੀ। ਫਿਲਹਾਲ ਪੀ. ਪੀ. ਐੱਫ. ਯਾਨੀ ਪਬਲਿਕ ਪ੍ਰੋਵੀਡੈਂਟ ਫੰਡ ਅਤੇ ਪੰਜ ਸਾਲਾ ਐੱਨ. ਐੱਸ. ਸੀ. ਯਾਨੀ ਰਾਸ਼ਟਰੀ ਬਚਤ ਸਰਟੀਫਿਕੇਟ 'ਤੇ 7.9 ਫੀਸਦੀ ਦੀ ਦਰ ਨਾਲ ਵਿਆਜ ਮਿਲ ਰਿਹਾ ਹੈ। ਕਿਸਾਨ ਵਿਕਾਸ ਪੱਤਰ 'ਤੇ ਵਿਆਜ ਦਰ 7.6 ਫੀਸਦੀ ਹੈ। ਉੱਥੇ ਹੀ, ਸੁਕੰਨਿਆ ਸਮਰਿਧੀ ਯੋਜਨਾ 'ਤੇ ਵਿਆਜ ਦਰ 8.4 ਫੀਸਦੀ ਹੈ। ਇਨ੍ਹਾਂ ਤੋਂ ਇਲਾਵਾ ਡਾਕਖਾਨਾ ਦੀ ਪੰਜ ਸਾਲਾ ਟਾਈਮ ਡਿਪਾਜ਼ਿਟ ਯੋਜਨਾ 'ਤੇ ਵਿਆਜ ਦਰ 7.7 ਫੀਸਦੀ ਹੈ।


Related News