ਸਰਕਾਰ ਜਲਦ ਲਾਂਚ ਕਰੇਗੀ ਇਹ ਸਕੀਮ, ਸਸਤੀ ਹੋ ਜਾਵੇਗੀ ਇਲੈਕਟ੍ਰਿਕ ਕਾਰ
Wednesday, Aug 29, 2018 - 03:28 PM (IST)
ਨਵੀਂ ਦਿੱਲੀ— ਮੋਦੀ ਸਰਕਾਰ ਇਲੈਕਟ੍ਰਿਕ ਵਾਹਨਾਂ ਲਈ ਜਲਦ ਸਬਸਿਡੀ ਸਕੀਮ ਨੂੰ ਹਰੀ ਝੰਡੀ ਦੇ ਸਕਦੀ ਹੈ। ਫੇਮ ਇੰਡੀਆ ਸਕੀਮ-2 ਤਹਿਤ ਸਰਕਾਰ 5,500 ਕਰੋੜ ਰੁਪਏ ਖਰਚ ਕਰੇਗੀ। ਜਾਣਕਾਰੀ ਮੁਤਾਬਕ, ਇਸ ਸਕੀਮ ਤਹਿਤ ਇਲੈਕਟ੍ਰਿਕ ਵਾਹਨਾਂ 'ਤੇ ਸਬਸਿਡੀ ਬੈਟਰੀ ਸਾਈਜ਼ ਦੇ ਹਿਸਾਬ ਨਾਲ ਮਿਲੇਗੀ। ਇਲੈਕਟ੍ਰਿਕ ਬੱਸ 'ਤੇ ਪ੍ਰਤੀ ਕਿਲੋਵਾਟ ਪਿੱਛੇ 20 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਸਕਦੀ ਹੈ। ਉੱਥੇ ਹੀ ਦੋ ਪਹੀਆ, ਤਿੰਨ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਮਾਮਲੇ 'ਚ ਬੈਟਰੀ ਦੀ ਹਰ ਕਿਲੋਵਾਟ (ਕੇ. ਡਬਲਿਊ. ਐੱਚ) ਸਮਰੱਥਾ 'ਤੇ 10 ਹਜ਼ਾਰ ਰੁਪਏ ਦੀ ਸਬਸਿਡੀ ਮਿਲੇਗੀ।
ਇਲੈਕਟ੍ਰਿਕ ਕਾਰ 'ਤੇ ਵੱਧ ਤੋਂ ਵੱਧ ਸਬਸਿਡੀ 1.50 ਲੱਖ ਰੁਪਏ ਦਿੱਤੀ ਜਾ ਸਕਦੀ ਹੈ। ਇਲੈਕਟ੍ਰਿਕ ਸਕੂਟਰ 'ਤੇ ਵੱਧ ਤੋਂ ਵੱਧ ਸਬਸਿਡੀ 20,000 ਤੋਂ 25,000 ਰੁਪਏ ਹੋ ਸਕਦੀ ਹੈ। ਉੱਥੇ ਹੀ ਇਲੈਕਟ੍ਰਿਕ ਆਟੋਜ਼ 'ਤੇ ਸਬਸਿਡੀ ਦੀ ਲਿਮਟ 60,000 ਰੁਪਏ ਤਕ ਹੋ ਸਕਦੀ ਹੈ। ਹਰ ਵਾਹਨ 'ਤੇ ਸਬਸਿਡੀ ਬੈਟਰੀ ਸਾਈਜ਼ ਦੇ ਹਿਸਾਬ ਨਾਲ ਮਿਲੇਗੀ, ਯਾਨੀ ਇਲੈਕਟ੍ਰਿਕ ਵਾਹਨ ਖਰੀਦਣਾ ਸਸਤਾ ਪਵੇਗਾ।
ਫੇਮ ਇੰਡੀਆ ਸਕੀਮ-2 ਪੰਜ ਸਾਲ ਲਈ ਹੋਵੇਗੀ। ਇਸ ਸਕੀਮ ਤਹਿਤ ਸਾਰੇ ਇਲੈਕਟ੍ਰਿਕ ਵਾਹਨਾਂ ਦੀ ਖਰੀਦ 'ਤੇ ਸਬਸਿਡੀ ਦਿੱਤੀ ਜਾਵੇਗੀ, ਜਿਨ੍ਹਾਂ 'ਚ ਦੋ-ਪਹੀਆ, ਤਿੰਨ ਪਹੀਆ, ਚਾਰ ਪਹੀਆ ਵਾਹਨ ਅਤੇ ਜਨਤਕ ਟਰਾਂਸਪੋਰਟ ਇਲੈਕਟ੍ਰਿਕ ਬੱਸਾਂ ਸ਼ਾਮਲ ਹਨ। ਇਸ ਤੋਂ ਪਹਿਲਾਂ ਸਰਕਾਰ ਨੇ ਪਹਿਲੀ ਫੇਮ ਇੰਡੀਆ ਸਕੀਮ 2015 'ਚ ਲਾਂਚ ਕੀਤੀ ਸੀ। ਇਸ ਸਕੀਮ ਨੂੰ ਦੋ ਸਾਲ ਯਾਨੀ 31 ਮਾਰਚ 2017 ਤਕ ਚਲਾਉਣ ਦਾ ਪ੍ਰਸਤਾਵ ਸੀ ਪਰ ਸਰਕਾਰ ਨੇ ਇਸ ਨੂੰ ਦੋ ਵਾਰ 6-6 ਮਹੀਨੇ ਲਈ ਵਧਾ ਕੇ 31 ਮਾਰਚ 2018 ਤਕ ਕਰ ਦਿੱਤਾ ਸੀ। ਅਪ੍ਰੈਲ 'ਚ ਸਰਕਾਰ ਨੇ ਇਸ ਨੂੰ ਫਿਰ ਵਧਾ ਕੇ ਸਤੰਬਰ ਤਕ ਕਰ ਦਿੱਤਾ ਸੀ।
