ਮੁਸਾਫਰਾਂ ਦੀ ਹਾਈ ਸਕਿਓਰਿਟੀ, ਸਾਰੇ ਸਟੇਸ਼ਨ ਤੇ ਕੋਚ ਹੋਣਗੇ CCTV ਨਾਲ ਲੈੱਸ

12/31/2019 12:10:07 PM

ਨਵੀਂ ਦਿੱਲੀ— ਜਲਦ ਹੀ ਟਰੇਨਾਂ ਦਾ ਸਫਰ ਹੋਰ ਸਕਿਓਰਿਟੀ ਨਾਲ ਲੈੱਸ ਹੋਣ ਜਾ ਰਿਹਾ ਹੈ। ਭਾਰਤੀ ਰੇਲਵੇ ਨੇ ਮਾਰਚ 2022 ਤੱਕ ਸਾਰੇ ਸਟੇਸ਼ਨਾਂ ਤੇ ਸਾਰੇ ਕੋਚਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਲਈ ਟੈਂਡਰ ਜਾਰੀ ਕੀਤੇ ਹਨ। ਰੇਲਵੇ ਬੋਰਡ ਦੇ ਚੇਅਰਮੈਨ ਵੀ. ਕੇ. ਯਾਦਵ ਨੇ ਕਿਹਾ ਕਿ ਇਸ ਸਾਲ ਦਸੰਬਰ ਤਕ ਰੇਲਵੇ ਨੇ ਦੇਸ਼ ਭਰ ਦੇ 503 ਸਟੇਸ਼ਨਾਂ ਤੇ ਸੀ. ਸੀ. ਟੀ. ਵੀ. ਲਗਾਏ ਹਨ ਤੇ ਜਲਦ ਹੀ ਸਾਰੇ ਸਟੇਸ਼ਨ ਇਸ ਨਾਲ ਕਵਰ ਹੋ ਜਾਣਗੇ।

ਉਨ੍ਹਾਂ ਕਿਹਾ ਕਿ ਰੇਲਵੇ ਨੂੰ ਨਿਰਭਯਾ ਫੰਡ ਤਹਿਤ ਸੀ. ਸੀ. ਟੀ. ਵੀ. ਲਾਉਣ ਲਈ 500 ਕਰੋੜ ਰੁਪਏ ਪ੍ਰਾਪਤ ਹੋਏ ਹਨ। ਇਸ ਤੋਂ ਇਲਾਵਾ ਰੇਲਵੇ ਨੇ 6,100 ਤੋਂ ਵੱਧ ਸਟੇਸ਼ਨਾਂ ਅਤੇ 58,600 ਤੋਂ ਵੱਧ ਕੋਚਾਂ 'ਚ ਸੀ. ਸੀ. ਟੀ. ਵੀ. ਲਾਉਣ ਲਈ 2,000 ਕਰੋੜ ਰੁਪਏ ਅਲਾਟ ਕੀਤੇ ਹਨ।

ਯਾਦਵ ਨੇ ਕਿਹਾ ਕਿ ਹਫੜਾ-ਦਫੜੀ ਮਚਾਉਣ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਲਈ ਜਲਦ ਹੀ ਨਵੀਂ ਤਕਨਾਲੋਜੀ ਵੀ ਇਸਤੇਮਾਲ ਕੀਤੀ ਜਾਏਗੀ। ਉੱਥੇ ਹੀ, ਯਾਤਰੀਆਂ ਦੀ ਨਿਗਰਾਨੀ ਤੇ ਪ੍ਰਾਈਵੇਸੀ ਮੁੱਦੇ ਬਾਰੇ ਸਪੱਸ਼ਟੀਕਰਨ ਦਿੰਦਿਆਂ ਯਾਦਵ ਨੇ ਕਿਹਾ ਕਿ“ਰੇਲ ਕੋਚਾਂ 'ਚ ਸੀ. ਸੀ. ਟੀ. ਵੀ. ਜਿੱਥੋਂ ਲੋਕਾਂ ਦਾ ਆਮ ਆਉਣਾ-ਜਾਣਾ ਹੈ ਉਨ੍ਹਾਂ ਥਾਵਾਂ 'ਤੇ ਲਗਾਏ ਜਾਣਗੇ, ਜਿਸ ਨਾਲ ਯਾਤਰੀਆਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ। ਰੇਲਵੇ ਉਤਪਾਦਨ ਇਕਾਈਆਂ ਦੇ ਨਿੱਜੀਕਰਨ 'ਤੇ ਇਕ ਸਵਾਲ ਦੇ ਜਵਾਬ 'ਚ ਯਾਦਵ ਨੇ ਸਪੱਸ਼ਟ ਕੀਤਾ ਕਿ ਰੇਲਵੇ ਨਿਰਮਾਣ ਇਕਾਈਆਂ ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾ ਰਿਹਾ ਹੈ।


Related News