ਮਿੱਲਾਂ ਦਾ ਬੋਝ ਹੋਵੇਗਾ ਘੱਟ, ਗੰਨੇ ''ਤੇ ਸਬਸਿਡੀ ਦੇਵੇਗੀ ਸਰਕਾਰ!

Wednesday, May 02, 2018 - 03:42 PM (IST)

ਮਿੱਲਾਂ ਦਾ ਬੋਝ ਹੋਵੇਗਾ ਘੱਟ, ਗੰਨੇ ''ਤੇ ਸਬਸਿਡੀ ਦੇਵੇਗੀ ਸਰਕਾਰ!

ਨਵੀਂ ਦਿੱਲੀ— ਸਰਕਾਰ ਨੇ ਖੰਡ ਮਿੱਲਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ, ਤਾਂ ਕਿ ਗੰਨਾ ਕਿਸਾਨਾਂ ਨੂੰ ਉਨ੍ਹਾਂ ਦੇ ਬਕਾਏ ਦਾ ਭੁਗਤਾਨ ਹੋ ਸਕੇ। ਮੌਜੂਦਾ ਸਮੇਂ ਦੇਸ਼ ਭਰ 'ਚ ਖੰਡ ਦੇ ਰੇਟ ਡਿੱਗੇ ਹੋਏ ਹਨ, ਜਿਸ ਕਾਰਨ ਮਿੱਲਾਂ ਲਈ ਕਿਸਾਨਾਂ ਨੂੰ ਬਕਾਏ ਦੇਣੇ ਮੁਸ਼ਕਿਲ ਹੋ ਰਹੇ ਹਨ। ਸਰਕਾਰ ਨੇ ਖੰਡ ਸੀਜ਼ਨ 2017-18 ਲਈ ਪ੍ਰਤੀ ਕੁਇੰਟਲ ਗੰਨੇ ਪਿੱਛੇ 5.50 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ, ਤਾਂ ਕਿ ਕੁਇੰਟਲ ਗੰਨੇ ਦੀ ਲਾਗਤ 'ਤੇ ਮਿੱਲਾਂ ਦਾ ਬੋਝ ਘੱਟ ਹੋ ਸਕੇ। ਇਹ ਸਹਾਇਤਾ ਰਾਸ਼ੀ ਮਿੱਲਾਂ ਦੇ ਪੱਧਰ 'ਤੇ ਸਿੱਧੇ ਕਿਸਾਨਾਂ ਨੂੰ ਦਿੱਤੀ ਜਾਵੇਗੀ। ਖੰਡ ਇੰਡਸਟਰੀ ਨਾਲ ਜੁੜੇ ਸੰਗਠਨ ਇਸਮਾ ਨੇ ਸਰਕਾਰ ਕੋਲ ਕਿਸਾਨਾਂ ਨੂੰ 10-12 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦੀ ਸਿਫਾਰਸ਼ ਕੀਤੀ ਸੀ। ਹਾਲਾਂਕਿ ਕੇਂਦਰੀ ਕੈਬਨਿਟ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ ਖੰਡ ਮਿੱਲਾਂ ਨੂੰ ਗੰਨੇ ਦੀ ਪਿੜਾਈ 'ਤੇ 5.50 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਦਾ ਫੈਸਲਾ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਗੰਨਾ ਕਿਸਾਨਾਂ ਦੇ ਬਕਾਏ ਦਾ ਹੱਲ ਕੱਢਣ ਲਈ ਕੇਂਦਰੀ ਮੰਤਰੀਆਂ ਦੀ ਕਮੇਟੀ ਦੀ ਹਾਲ ਹੀ 'ਚ ਹੋਈ ਬੈਠਕ 'ਚ ਖੰਡ 'ਤੇ ਸੈੱਸ ਲਾਉਣ, ਪ੍ਰਾਡਕਸ਼ਨ ਸਬਸਿਡੀ ਦੇਣ ਅਤੇ ਈਥਾਨੋਲ 'ਤੇ ਲੱਗਣ ਵਾਲੇ ਜੀ. ਐੱਸ. ਟੀ. 'ਚ ਕਟੌਤੀ ਕਰਨ 'ਤੇ ਚਰਚਾ ਹੋਈ ਸੀ, ਜਿਸ ਦੀ ਅਗਵਾਈ ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਕਰ ਰਹੇ ਸਨ। ਦੇਸ਼ ਦੇ ਗੰਨਾ ਕਿਸਾਨਾਂ ਦਾ ਖੰਡ ਮਿੱਲਾਂ 'ਤੇ ਤਕਰੀਬਨ 20,000 ਕਰੋੜ ਰੁਪਏ ਬਕਾਇਆ ਹੈ। ਇਸ ਵਾਰ ਦੇਸ਼ 'ਚ ਖੰਡ ਦਾ ਉਤਪਾਦਨ 3 ਕਰੋੜ ਟਨ ਤੋਂ ਪਾਰ ਹੋਣ ਦਾ ਅੰਦਾਜ਼ਾ ਹੈ। ਰਿਕਾਰਡ ਉਤਪਾਦਨ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ 'ਚ ਖੰਡ ਦੀਆਂ ਕੀਮਤਾਂ ਵੀ ਡਿੱਗ ਗਈਆਂ ਹਨ, ਜਿਸ ਕਾਰਨ ਮਿੱਲਾਂ 'ਤੇ ਕਿਸਾਨਾਂ ਦੀ ਬਕਾਇਆ ਰਕਮ ਖੜ੍ਹੀ ਹੈ। ਇਸਮਾ ਮੁਤਾਬਕ, 15 ਅਪ੍ਰੈਲ 2018 ਤਕ ਭਾਰਤ ਦਾ ਖੰਡ ਉਤਪਾਦਨ ਰਿਕਾਰਡ 2.99 ਕਰੋੜ ਟਨ ਤਕ ਪਹੁੰਚ ਚੁੱਕਾ ਹੈ, ਜਦੋਂ ਕਿ ਘਰੇਲੂ ਮੰਗ ਲਗਭਗ 2.5 ਕਰੋੜ ਟਨ ਰਹਿੰਦੀ ਹੈ।


Related News