ਬੈਂਕ FD ਗਾਹਕਾਂ ਨੂੰ ਵੱਡੀ ਰਾਹਤ, ਤੁਸੀਂ ਵੀ ਕਰਵਾਈ ਹੈ ਤਾਂ ਪੜ੍ਹੋ ਇਹ ਖਬਰ

04/04/2020 5:53:10 PM

ਨਵੀਂ ਦਿੱਲੀ :  ਸਰਕਾਰ ਨੇ ਬੈਂਕ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਫਾਰਮ 15G ਤੇ 15H ਜਮ੍ਹਾ ਕਰਵਾਉਣ ਦੀ ਮੋਹਲਤ ਵਧਾ ਦਿੱਤੀ ਗਈ ਹੈ। ਇਹ ਦੋ ਫਾਰਮ ਸਾਧਾਰਣ ਤੌਰ ‘ਤੇ ਉਨ੍ਹਾਂ ਲੋਕਾਂ ਵਲੋਂ ਭਰੇ ਜਾਂਦੇ ਹਨ, ਜਿਨ੍ਹਾਂ ਦੀ ਆਮਦਨ ਟੈਕਸਯੋਗ ਨਹੀਂ ਹੁੰਦੀ ਤੇ ਬੈਂਕ ਡਿਪਾਜ਼ਿਟ ਤੋਂ ਹੋਈ ਵਿਆਜ ਇਨਕਮ ‘ਤੇ ਟੈਕਸ ਬਚਾਉਣਾ ਚਾਹੁੰਦੇ ਹਨ। ਫਾਰਮ 15H ਬਜ਼ੁਰਗ ਨਾਗਰਿਕਾਂ ਲਈ ਹੁੰਦਾ ਹੈ, ਜਿਹੜੇ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ; ਜਦੋਂ ਕਿ ਫਾਰਮ 15G ਹਰ ਕਿਸੇ ਲਈ ਹੁੰਦਾ ਹੈ।

ਇਹ ਫਾਰਮ ਭਰਨ ‘ਤੇ ਤੁਹਾਡੀ ਐੱਫ. ਡੀ. ਦੀ ਵਿਆਜ ਇਨਕਮ ‘ਤੇ ਟੀ. ਡੀ. ਐੱਸ. ਨਹੀਂ ਕੱਟਦਾ। ਸਰਕਾਰ ਨੇ ਬੀਤੇ ਵਿੱਤੀ ਸਾਲ ਲਈ ਫਾਰਮ 15G ਤੇ 15H ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ ਵਧਾ ਕੇ 30 ਜੂਨ ਕਰ ਦਿੱਤੀ ਹੈ।

ਕੀ ਹਨ ਇਹ ਫਾਰਮ
ਜ਼ਿਕਰਯੋਗ ਹੈ ਕਿ ਜੇਕਰ ਤੁਹਾਡੀ ਵਿਆਜ ਕਮਾਈ ਇਕ ਵਿੱਤੀ ਸਾਲ ਵਿਚ ਨਿਰਧਾਰਤ ਲਿਮਟ ਤੋਂ ਉੱਪਰ ਹੋਵੇ ਤਾਂ ਇਹ ਫਾਰਮ ਜਮ੍ਹਾ ਕਰਵਾਉਣਾ ਜ਼ਰੂਰੀ ਹੁੰਦਾ ਹੈ । ਇਹ ਫਾਰਮ ਨਾ ਜਮ੍ਹਾ ਕਰਨ ‘ਤੇ ਬੈਂਕਾਂ ਵਲੋਂ ਟੈਕਸ (ਟੀ. ਡੀ. ਐੱਸ.) ਦੀ ਕਟੌਤੀ ਕੀਤੀ ਜਾ ਸਕਦੀ ਹੈ, ਭਾਵੇਂ ਕਿ ਕਿਸੇ ਦੀ ਟੈਕਸ ਦੇਣਦਾਰੀ ਨਹੀਂ ਹੈ। ਇਨ੍ਹਾਂ ਫਾਰਮ ਨੂੰ ਜਮ੍ਹਾਂ ਕਰਨ ਲਈ ਪੈਨ ਲਾਜ਼ਮੀ ਹੁੰਦਾ ਹੈ। ਬਹੁਤ ਸਾਰੇ ਬੈਂਕ ਆਪਣੇ ਗਾਹਕਾਂ ਨੂੰ ਆਪਣੀ ਵੈੱਬਸਾਈਟ ਜ਼ਰੀਏ ਇਹ ਫਾਰਮ ਜਮ੍ਹਾ ਕਰਨ ਦੀ ਸੁਵਿਧਾ ਵੀ ਦਿੰਦੇ ਹਨ। ਫਾਰਮ 15G ਤੇ 15H ਇਕ ਵਿੱਤੀ ਸਾਲ ਲਈ ਵੈਲਿਡ ਹੁੰਦੇ ਹਨ ਅਤੇ ਵਿੱਤੀ ਸਾਲ ਦੇ ਸ਼ੁਰੂ ਵਿਚ ਹਰ ਸਾਲ ਇਹ ਫਾਰਮ ਜਮ੍ਹਾ ਕਰਨ ਦੀ ਜ਼ਰੂਰਤ ਹੁੰਦੀ ਹੈ। ਹਾਲਾਂਕਿ ਲਾਕਡਾਊਨ ਦੇ ਮੱਦੇਨਜ਼ਰ ਰਾਹਤ ਦਿੱਤੀ ਗਈ ਹੈ, ਜੇਕਰ ਵਿੱਤੀ ਸਾਲ 2019-20 ਲਈ ਤੁਹਾਡੀ FD ‘ਤੇ 40,000 ਰੁਪਏ ਤੋਂ ਵੱਧ ਵਿਆਜ ਬਣ ਰਿਹਾ ਹੈ ਪਰ ਤੁਹਾਡੀ ਕੁੱਲ ਆਮਦਨ ਟੈਕਸਯੋਗ ਨਹੀਂ ਹੈ ਤਾਂ ਤੁਹਾਨੂੰ ਫਾਰਮ 15G ਤੇ 15H ਨੂੰ ਬੈਂਕ ਵਿਚ ਜਮ੍ਹਾ ਕਰਨ ਬਾਰੇ ਚਿੰਤਾ ਕਰਨ ਦੀ 30 ਜੂਨ ਤੱਕ ਜ਼ਰੂਰਤ ਨਹੀਂ ਹੈ।

ਸੀ. ਬੀ. ਡੀ. ਟੀ. ਵੱਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਕ, ਜੇਕਰ ਕਿਸੇ ਵਿਅਕਤੀ ਨੇ ਵਿੱਤੀ ਸਾਲ 2019-20 ਲਈ ਬੈਂਕਾਂ ਜਾਂ ਕਿਸੇ ਹੋਰ ਵਿੱਤੀ ਸੰਸਥਾ ਵਿਚ 15G ਤੇ 15H ਜਮ੍ਹਾ ਕਰਵਾਏ ਹੋਏ ਹਨ ਤਾਂ ਇਹ ਦੋਵੇਂ ਫਾਰਮ 30 ਜੂਨ 2020 ਤੱਕ ਵੀ ਮੰਨਣਯੋਗ ਹੋਣਗੇ।


Sanjeev

Content Editor

Related News