GST ਕੌਂਸਲ ਦੇਵੇਗੀ ਤੋਹਫਾ, ਡਿਜੀਟਲ ਪੇਮੈਂਟ ''ਤੇ ਮਿਲੇਗਾ ਕੈਸ਼ਬੈਕ
Friday, Aug 03, 2018 - 11:02 AM (IST)

ਨਵੀਂ ਦਿੱਲੀ— ਤਿਉਹਾਰੀ ਸੀਜ਼ਨ ਤੋਂ ਪਹਿਲਾਂ ਗਾਹਕਾਂ ਨੂੰ ਜੀ. ਐੱਸ. ਟੀ. ਕੌਂਸਲ ਕੈਸ਼ਬੈਕ ਦਾ ਤੋਹਫਾ ਦੇ ਸਕਦੀ ਹੈ। ਵਿੱਤ ਮੰਤਰੀ ਪੀਯੂਸ਼ ਗੋਇਲ ਦੀ ਅਗਵਾਈ 'ਚ ਸ਼ਨੀਵਾਰ ਨੂੰ ਛੋਟੇ ਉਦਯੋਗਾਂ ਦੀਆਂ ਮੰਗ 'ਤੇ ਬੈਠਕ ਹੋਣੀ ਹੈ, ਜਿਸ 'ਚ ਡਿਜੀਟਲ ਪੇਮੈਂਟ ਕਰਨ 'ਤੇ ਛੋਟ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਜੀ. ਐੱਸ. ਟੀ. ਕੌਂਸਲ ਦੀ ਬੈਠਕ ਤੋਂ ਇਕ ਦਿਨ ਪਹਿਲਾਂ ਡਿਜੀਟਲ ਪੇਮੈਂਟ 'ਤੇ ਛੋਟ ਸੰਬੰਧੀ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਧੀਨ ਬਣੀ ਕਮੇਟੀ ਦੀ ਬੈਠਕ ਹੋਵੇਗੀ। ਇਸ 'ਚ ਸੰਬੰਧਤ ਪ੍ਰਸਤਾਵ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਅਤੇ ਫਿਰ ਉਸ ਨੂੰ ਸ਼ਨੀਵਾਰ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ ਰੱਖਿਆ ਜਾਵੇਗਾ।
ਪ੍ਰਸਤਾਵ ਮੁਤਾਬਕ ਡਿਜੀਟਲ ਪੇਮੈਂਟ ਕਰਨ ਵਾਲੇ ਗਾਹਕਾਂ ਨੂੰ ਤੁਰੰਤ 2 ਫੀਸਦੀ ਕੈਸ਼ਬੈਕ ਮਿਲੇਗਾ ਪਰ ਇਸ ਦੀ ਲਿਮਟ 100 ਰੁਪਏ ਪ੍ਰਤੀ ਲੈਣ-ਦੇਣ ਹੋਵੇਗੀ। ਇਹ ਪੇਸ਼ਕਸ਼ ਸਿਰਫ ਗਾਹਕਾਂ ਲਈ ਹੋਵੇਗੀ ਅਤੇ ਉਨ੍ਹਾਂ ਸੇਵਾਵਾਂ ਅਤੇ ਸਾਮਾਨ 'ਤੇ ਹੋਵੇਗੀ ਜਿਨ੍ਹਾਂ 'ਤੇ ਟੈਕਸ ਦੀ ਦਰ 3 ਫੀਸਦੀ ਜਾਂ ਉਸ ਤੋਂ ਵਧ ਹੈ। ਇਸ ਪ੍ਰਸਤਾਵਤ ਡਿਜੀਟਲ ਛੋਟ ਨਾਲ ਸਰਕਾਰ ਨੂੰ ਸਾਲਾਨਾ 8,000 ਕਰੋੜ ਰੁਪਏ ਤੋਂ ਲੈ ਕੇ 14,000 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਹਾਲਾਂਕਿ ਸਰਕਾਰ ਨੂੰ ਲੱਗਦਾ ਹੈ ਕਿ ਉਹ ਇਸ ਦੀ ਭਰਪਾਈ ਕਰ ਲਵੇਗੀ। ਉੱਥੇ ਹੀ ਜੇਕਰ ਸਰਕਾਰ ਨੂੰ ਜੀ. ਐੱਸ. ਟੀ. ਤੋਂ ਮਿਲ ਰਹੇ ਰੈਵੇਨਿਊ ਦੀ ਗੱਲ ਕਰੀਏ ਤਾਂ ਜੁਲਾਈ 'ਚ ਸਰਕਾਰ ਨੇ 96 ਹਜ਼ਾਰ 483 ਕਰੋੜ ਰੁਪਏ ਦਾ ਰੈਵੇਨਿਊ ਹਾਸਲ ਕੀਤਾ ਹੈ, ਜੋ ਕਿ ਜੂਨ ਦੇ 95 ਹਜ਼ਾਰ 610 ਕਰੋੜ ਰੁਪਏ ਤੋਂ ਵਧ ਹੈ ਪਰ ਸਰਕਾਰ ਦੇ ਟੀਚੇ 1 ਲੱਖ ਕਰੋੜ ਰੁਪਏ ਤੋਂ ਘੱਟ। ਪਿਛਲੇ ਮਹੀਨੇ ਹੋਈ ਜੀ. ਐੱਸ. ਟੀ. ਕੌਂਸਲ ਦੀ ਬੈਠਕ 'ਚ 88 ਤੋਂ ਵਧ ਚੀਜ਼ਾਂ 'ਤੇ ਟੈਕਸ ਘਟਾਇਆ ਗਿਆ ਹੈ, ਜਿਸ ਨਾਲ ਰੈਵੇਨਿਊ 'ਚ ਕਮੀ ਆਉਣ ਦੇ ਆਸਾਰ ਹਨ। ਇਸ ਵਾਰ ਦੀ ਬੈਠਕ 'ਚ ਬਿਸਕੁਟ, ਚੌਲ, ਇੰਸਟੈਂਟ ਫੂਡ ਆਦਿ 'ਤੇ ਟੈਕਸ ਘਟਾਉਣ ਦੀ ਮੰਗ 'ਤੇ ਵਿਚਾਰ ਕੀਤਾ ਜਾ ਸਕਦਾ ਹੈ।