ਇਲਾਜ ’ਚ ਲਾਪ੍ਰਵਾਹੀ ਨਾਲ ਹੋਈ ਮਰੀਜ਼ ਦੀ ਮੌਤ, ਹੁਣ 2 ਡਾਕਟਰ ਦੇਣਗੇ 5.05 ਲੱਖ

Sunday, Dec 29, 2019 - 10:30 AM (IST)

ਨਰਸਿੰਘਪੁਰ (ਮੱਧ ਪ੍ਰਦੇਸ਼)— ਇਲਾਜ ’ਚ ਲਾਪ੍ਰਵਾਹੀ ਦੀ ਵਜ੍ਹਾ ਨਾਲ ਮਰੀਜ਼ ਦੀ ਮੌਤ ਹੋਣ ’ਤੇ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ ਨੇ 2 ਡਾਕਟਰਾਂ ਖਿਲਾਫ 5.05 ਲੱਖ ਰੁਪਏ ਦੇ ਹਰਜਾਨੇ ਦਾ ਹੁਕਮ ਜਾਰੀ ਕੀਤਾ ਹੈ।

 

ਕੀ ਸੀ ਮਾਮਲਾ
ਕਾਂਤੀ ਸਾਹੂ ਦੇ ਪਤੀ ਹਰੀਸ਼ਚੰਦਰ ਸਾਹੂ ਲੋਕ ਸਿਹਤ ਇੰਜੀਨੀਅਰਿੰਗ ਵਿਭਾਗ ’ਚ ਡੇਅਲੀ ਵੇਜਿਜ਼ ’ਤੇ ਤਾਇਨਾਤ ਸਨ। 15 ਜੁਲਾਈ 2011 ਨੂੰ ਉਨ੍ਹਾਂ ਦੇ ਪੇਟ ’ਚ ਦਰਦ ਹੋਣ ’ਤੇ ਉਨ੍ਹਾਂ ਨੂੰ ਪਰਾਡਕਰ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਅਪੈਂਡਿਕਸ ਦਾ ਆਪ੍ਰੇਸ਼ਨ ਕੀਤਾ ਗਿਆ। 28 ਜੁਲਾਈ 2011 ਨੂੰ 28,000 ਰੁਪਏ ਦੇ ਬਿੱਲ ਦਾ ਭੁਗਤਾਨ ਲੈ ਕੇ ਉਸ ਨੂੰ ਡਿਸਚਾਰਜ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਹਰਿਸ਼ਚੰਦਰ ਨੂੰ ਤਕਲੀਫ ਬਣੀ ਰਹੀ ਅਤੇ ਉਸ ਨੂੰ ਲਗਾਤਾਰ ਬੁਖਾਰ ਆਉਂਦਾ ਰਿਹਾ, ਜਿਸ ’ਤੇ ਉਸ ਨੂੰ ਜ਼ਿਲਾ ਸਿਵਲ ਹਸਪਤਾਲ ਨਰਸਿੰਘਪੁਰ ’ਚ ਭਰਤੀ ਕਰਵਾਇਆ ਗਿਆ ਪਰ ਉਸ ਦੀ ਸਿਹਤ ਠੀਕ ਨਾ ਹੋਣ ’ਤੇ ਉਸ ਦੀ ਪਤਨੀ ਉਸ ਨੂੰ ਇਲਾਜ ਲਈ ਨਾਗਪੁਰ ਲੈ ਗਈ। ਉਥੇ ਡਾਕਟਰ ਅਰਵਿੰਦ ਜਾਗਲੇਕਰ ਨੇ ਉਸ ਦਾ ਇਲਾਜ ਕੀਤਾ। ਉਨ੍ਹਾਂ ਦੱਸਿਆ ਕਿ ਆਪ੍ਰੇਸ਼ਨ ਦੇ ਸਮੇਂ ਪੇਟ ’ਚ ਲਾਪ੍ਰਵਾਹੀ ਨਾਲ ਕਾਟਨ ਛੱਡ ਦਿੱਤਾ ਗਿਆ ਸੀ, ਜਿਸ ਨੂੰ ਡਾਕਟਰ ਨੇ ਕੱਢਿਆ ਅਤੇ ਦੱਸਿਆ ਕਿ ਪੇਟ ’ਚ ਛੱਡੇ ਗਏ ਕਾਟਨ ਦੀ ਵਜ੍ਹਾ ਨਾਲ ਲੰਮੇ ਸਮੇਂ ਤੋਂ ਪੇਟ ’ਚ ਪਸ ਬਣਨ ਕਾਰਣ ਉਸ ਦੀ ਪੁਰਾਣੀ ਬੀਮਾਰੀ ਮੁੜ ਉੱਭਰ ਆਈ ਹੈ। ਕਾਫ਼ੀ ਇਲਾਜ ਕਰਵਾਉਣ ਤੋਂ ਬਾਅਦ ਆਖਿਰ 17 ਅਕਤੂਬਰ 2011 ਨੂੰ ਹਰੀਸ਼ਚੰਦਰ ਸਾਹੂ ਦੀ ਮੌਤ ਹੋ ਗਈ, ਜਿਸ ’ਤੇ ਉਸਦੀ ਪਤਨੀ ਕਾਂਤੀ ਨੇ ਪੁਲਸ ਅਤੇ ਜ਼ਿਲਾ ਖਪਤਕਾਰ ਝਗੜਾ ਨਿਵਾਰਣ ਫੋਰਮ ’ਚ ਸਰਕਾਰੀ ਡਾ. ਪ੍ਰਦੀਪ ਧਾਕੜ ਅਤੇ ਪਰਾਡਕਰ ਹਸਪਤਾਲ ਦੇ ਡਾ. ਪਰਾਗ ਪਰਾਡਕਰ ਖਿਲਾਫ ਮਾਮਲਾ ਦਰਜ ਕਰਵਾਇਆ। ਇਸ ਦੇ ਨਾਲ ਹੀ ਸਕੱਤਰ ਮੱਧਪ੍ਰਦੇਸ਼ ਸ਼ਾਸਨ, ਅਵੰਤੀ ਇੰਸਟੀਚਿਊਟ ਆਫ ਕਾਰਡੀਓਲੋਜੀ ਨਾਗਪੁਰ ਨੂੰ ਵੀ ਪਾਰਟੀ ਬਣਾਇਆ ਗਿਆ।

ਇਹ ਕਿਹਾ ਫੋਰਮ ਨੇ
ਮਾਮਲੇ ਦੀ ਸੁਣਵਾਈ ਦੌਰਾਨ ਫੋਰਮ ਦੇ ਪ੍ਰਧਾਨ ਕੇ. ਕੇ. ਤਿਵਾੜੀ ਅਤੇ ਮੈਂਬਰ ਰਮਾਕਾਂਤ ਦੀਕਸ਼ਿਤ ਨੇ ਕੁਲ ਦਲੀਲਾਂ ਅਤੇ ਸਬੂਤਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਮਾਮਲਾ ਸੇਵਾ ’ਚ ਕਮੀ ਦਾ ਪਾਇਆ। ਫੋਰਮ ਨੇ ਡਾ. ਪ੍ਰਦੀਪ ਧਾਕੜ ਅਤੇ ਡਾ. ਪਰਾਗ ਪਰਾਡਕਰ ਖਿਲਾਫ 5 ਲੱਖ ਰੁਪਏ ਦੀ ਹਰਜਾਨਾ ਰਾਸ਼ੀ ਅਤੇ 5000 ਰੁਪਏ ਦੇ ਅਦਾਲਤੀ ਖ਼ਰਚੇ ਦਾ ਹੁਕਮ ਜਾਰੀ ਕੀਤਾ ਹੈ।


Related News