ਈ-ਕਾਮਰਸ ਲਈ ਨੋਟੀਫਿਕੇਸ਼ਨ ਵਾਪਸ ਲੈਣ ''ਤੇ ਕੈਟ ਵੱਲੋਂ ਮੋਦੀ, ਸ਼ਾਹ ਦਾ ਧੰਨਵਾਦ

04/19/2020 3:51:26 PM

ਨਵੀਂ ਦਿੱਲੀ— ਈ-ਕਾਮਰਸ ਕੰਪਨੀਆਂ ਨੂੰ ਗੈਰ-ਜ਼ਰੂਰੀ ਸਮਾਨ ਵੇਚਣ ਦੀ ਇਜਾਜ਼ਤ ਕੇਂਦਰ ਸਰਕਾਰ ਵਲੋਂ ਵਾਪਸ ਲਏ ਜਾਣ 'ਤੇ ਕੈਟ ਨੇ ਮੋਦੀ ਅਤੇ ਸ਼ਾਹ ਦਾ ਧੰਨਵਾਦ ਕੀਤਾ ਹੈ। ਭਾਰਤ ਦੇ 7 ਕਰੋੜ ਵਪਾਰੀਆਂ ਵੱਲੋਂ ਸਰਬ ਭਾਰਤੀ ਟ੍ਰੇਡਰਜ਼ ਸੰਗਠਨ (ਕੈਟ) ਨੇ ਈ-ਕਾਮਰਸ ਕੰਪਨੀਆਂ ਨੂੰ ਲਾਕਡਾਊਨ ਦੀ ਮਿਆਦ ਦੌਰਾਨ ਗੈਰ-ਜ਼ਰੂਰੀ ਸਾਮਾਨ ਵੇਚਣ ਦੀ ਇਜਾਜ਼ਤ ਨੂੰ ਵਾਪਸ ਲਏ ਜਾਣ ਦੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨਵੇਂ ਨੋਟੀਫਿਕੇਸ਼ਨ ਦਾ ਸਵਾਗਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸ਼ਲਾਘਾ ਕੀਤੀ ਹੈ।

ਈ-ਕਮਾਰਸ ਕੰਪਨੀਆਂ ਨੂੰ ਗੈਰ-ਜ਼ਰੂਰੀ ਸਮਾਨ ਵੇਚਣ ਦੀ ਦਿੱਤੀ ਗਈ ਛੋਟ ਵਾਲੇ ਨੋਟੀਫਿਕੇਸ਼ਨ ਦੇ ਦਿਨ ਤੋਂ ਹੀ ਕੈਟ ਨੇ ਇਸ ਵਿਰੁੱਧ ਆਵਾਜ਼ ਬੁਲੰਦ ਕਰ ਦਿੱਤੀ ਸੀ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਭੇਜ ਕੇ ਉਨ੍ਹਾਂ ਦੇ ਸਿੱਧੇ ਦਖਲ ਦੀ ਵੀ ਮੰਗ ਕੀਤੀ ਸੀ।
ਸੰਗਠਨ ਨੇ ਇਸ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਨੋਟੀਫਿਕੇਸ਼ਨ ਵਾਪਸ ਲੈਣਾ ਇਹ ਦਰਸਾਉਂਦਾ ਹੈ ਕਿ ਛੋਟੇ ਵਪਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰਜੀਹ 'ਚ ਹਨ ਤੇ ਵਪਾਰੀਆਂ ਖਿਲਾਫ ਕੋਈ ਵੀ ਫੈਸਲਾ ਲੰਮੇ ਸਮੇਂ ਤੱਕ ਨਹੀਂ ਚੱਲ ਸਕਦਾ ਅਤੇ ਇਸੇ ਕਾਰਨ ਲਾਕਡਾਊਨ ਦੇ ਪਹਿਲੇ ਦਿਨ ਤੋਂ ਹੀ ਕੈਟ ਦੇਸ਼ ਭਰ 'ਚ ਜ਼ਰੂਰੀ ਚੀਜ਼ਾਂ ਦੀ ਸਪਲਾਈ ਚਲਾਉਣ 'ਚ ਸਫਲ ਰਿਹਾ ਹੈ। ਕੈਟ ਦੇ ਮੁਖੀ ਬੀ. ਸੀ. ਭਾਰਤਿਆ ਤੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਸਰਕਾਰ ਵੱਲੋਂ ਈ-ਕਾਮਰਸ ਨੂੰ ਦਿੱਤੀ ਛੋਟ ਵਾਪਸ ਲੈਣ 'ਤੇ ਟਿੱਪਣੀ ਕਰਦੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਭਾਰਤ ਦੇ ਪੂਰੇ ਵਪਾਰੀ ਭਾਈਚਾਰੇ ਲਈ ਬਹੁਤ ਲਾਭਦਾਇਕ ਕਦਮ ਹੈ ਤੇ ਇਸ ਫੈਸਲੇ ਨੇ ਭਾਰਤੀ ਵਪਾਰੀਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੌਜੂਦਾ ਸਰਕਾਰ ਭਾਰਤ ਦੇ ਲੱਖਾਂ ਵਪਾਰੀਆਂ ਲਈ ਚਿੰਤਤ ਹਨ। ਸੰਗਠਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਵਪਾਰੀਆਂ ਦੇ ਸੱਚੇ ਮਿੱਤਰ ਹਨ ਤੇ ਜਦੋਂ ਵੀ ਵਪਾਰੀਆਂ 'ਤੇ ਕੋਈ ਬੁਰਾ ਸਮਾਂ ਆਇਆ ਹੈ ਪ੍ਰਧਾਨ ਮੰਤਰੀ ਨੇ ਹਮੇਸ਼ਾ ਉਸ ਨੂੰ ਸੁਲਝਾਇਆ ਹੈ।


Sanjeev

Content Editor

Related News