ਕੈਡਿਲਾ ਹੈਲਥਕੇਅਰ ਨੂੰ ਕੋਵਿਡ ਟੀਕੇ ਲਈ ਜੂਨ ਤੱਕ ਮਨਜ਼ੂਰੀ ਮਿਲਣ ਦੀ ਉਮੀਦ

Saturday, May 08, 2021 - 02:57 PM (IST)

ਕੈਡਿਲਾ ਹੈਲਥਕੇਅਰ ਨੂੰ ਕੋਵਿਡ ਟੀਕੇ ਲਈ ਜੂਨ ਤੱਕ ਮਨਜ਼ੂਰੀ ਮਿਲਣ ਦੀ ਉਮੀਦ

ਨਵੀਂ ਦਿੱਲੀ- ਭਾਰਤ ਵਿਚ ਰੋਜ਼ਾਨਾ ਵੱਧ ਰਹੇ ਕੋਰੋਨਾ ਮਾਮਲਿਆਂ ਵਿਚਕਾਰ ਕੈਡਿਲਾ ਹੈਲਥਕੇਅਰ ਮਈ ਦੇ ਅਖੀਰ ਤੱਕ ਆਪਣੇ ਕੋਵਿਡ-19 ਟੀਕੇ ਲਈ ਟ੍ਰਾਇਲ ਡਾਟਾ ਜਮ੍ਹਾ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਕੰਪਨੀ ਨੂੰ ਜੂਨ ਤੱਕ ਇਸ ਦੀ ਪ੍ਰਵਾਨਗੀ ਮਿਲ ਜਾਣ ਦੀ ਉਮੀਦ ਹੈ। ਇਕ ਰਿਪੋਰਟ ਵਿਚ ਕੈਡਿਲਾ ਦੇ ਮੈਨੇਜਿੰਗ ਡਾਇਰੈਕਟਰ ਸ਼ਰਵਿਲ ਪਟੇਲ ਦਾ ਹਵਾਲਾ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਗਈ ਹੈ।

ਕੈਡਿਲਾ ਜ਼ਾਇਕੋਵ-ਡੀ ਟੀਕੇ ਦੇ ਤੀਜੇ ਦੌਰ ਦਾ ਟ੍ਰਾਇਲ ਕਰ ਰਹੀ ਹੈ। ਪਟੇਲ ਨੇ ਕਿਹਾ ਕਿ ਦੇਸ਼ ਵਿਚ ਇਹ ਹੁਣ ਤੱਕ ਦਾ ਵੱਡਾ ਟ੍ਰਾਇਲ ਹੈ ਅਤੇ ਕੰਪਨੀ ਨੇ ਇਸ ਵਿਚ 28,000 ਤੋਂ ਵੱਧ ਵਲੰਟੀਅਰ ਸ਼ਾਮਲ ਕੀਤੇ ਹਨ।

ਰਿਪੋਰਟ ਦਾ ਕਹਿਣਾ ਹੈ ਕਿ ਕੈਡਿਲਾ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਟੀਕੇ ਦੀ ਮਨਜ਼ੂਰੀ ਲਈ ਵੀ ਕੰਮ ਕਰ ਰਹੀ ਹੈ। ਕੰਪਨੀ ਨੇ ਇਸ ਦੇ ਚੱਲ ਰਹੇ ਫੇਜ਼-3 ਦੇ ਟ੍ਰਾਇਲ ਵਿਚ ਜ਼ਾਇਕੋਵ-ਡੀ ਟੀਕੇ ਦਾ 1.500 ਤੋਂ ਵੱਧ ਬੱਚਿਆਂ 'ਤੇ ਟੈਸਟ ਕੀਤਾ ਹੈ। ਇਸ ਦੀ ਮਨਜ਼ੂਰੀ ਮਿਲ ਜਾਣ 'ਤੇ ਕੈਡਿਲਾ ਅਹਿਮਦਾਬਾਦ ਤੇ ਵਡੋਦਰਾ ਵਿਚ ਆਪਣੇ ਪਲਾਂਟਾਂ ਵਿਚ ਸਾਲਾਨਾ 24 ਕਰੋੜ ਖੁਰਾਕਾਂ ਬਣਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕੰਪਨੀ ਦੀ ਯੋਜਨਾ ਦੂਜੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਵੀ ਹੈ। ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ ਵਿਚ ਕੈਡਿਲਾ ਹੈਲਥਕੇਅਰ ਦਾ ਸਟਾਕ ਬੀ. ਐੱਸ. ਈ. 'ਤੇ 0.22 ਫ਼ੀਸਦੀ ਦੀ ਮਾਮੂਲੀ ਤੇਜ਼ੀ ਨਾਲ 603.10 ਰੁਪਏ 'ਤੇ ਬੰਦ ਹੋਇਆ।


author

Sanjeev

Content Editor

Related News