ਮਹਿੰਗੀ ਹੋ ਗਈ ਰੇਲ ਟਿਕਟ, IRCTC ਹੁਣ ਇੰਨਾ ਲੈ ਸਕਦੈ ਚਾਰਜ

08/31/2019 3:33:58 PM

ਨਵੀਂ ਦਿੱਲੀ—  ਭਾਰਤੀ ਰੇਲਵੇ ਨੇ ਆਈ. ਆਰ. ਸੀ. ਟੀ. ਸੀ. ਤੋਂ ਖਰੀਦੀ ਜਾਣ ਵਾਲੀ ਟਿਕਟ ’ਤੇ ਸਰਵਿਸ ਚਾਰਜ ਦੁਬਾਰਾ ਲਾਗੂ ਕਰ ਦਿੱਤਾ ਹੈ, ਜੋ ਪਹਿਲੀ ਸਤੰਬਰ ਤੋਂ ਪ੍ਰਭਾਵੀ ਹੋ ਜਾਵੇਗਾ। ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ-ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਨੇ ਨੋਟਬੰਦੀ ਸਮੇਂ ਆਨਲਾਈਨ ਬੁਕਿੰਗ ’ਤੇ ਚਾਰਜ ਲੈਣਾ ਬੰਦ ਕਰ ਦਿੱਤਾ ਸੀ,ਜਿਸ ਨੂੰ ਹੁਣ ਫਿਰ ਲਾਗੂ ਕੀਤਾ ਜਾ ਰਿਹਾ ਹੈ।

 

ਹੁਣ ਆਈ. ਆਰ. ਸੀ. ਟੀ. ਸੀ. ਆਨਲਾਈਨ ਬੁੱਕ ਕੀਤੀ ਜਾਣ ਵਾਲੀ ਗੈਰ-ਏ. ਸੀ. ਰੇਲ ਟਿਕਟ ’ਤੇ 15 ਰੁਪਏ ਅਤੇ ਏ. ਸੀ. ਟਿਕਟ ’ਤੇ 30 ਰੁਪਏ ਸਰਵਿਸ ਚਾਰਜ ਵਸੂਲ ਕਰਨ ਜਾ ਰਿਹਾ ਹੈ। ਇਸ ਦੇ ਇਲਾਵਾ ਯੂ. ਪੀ. ਆਈ./ਭੀਮ ਐਪ ਜ਼ਰੀਏ ਬੁਕਿੰਗ ਕਰਨ ’ਤੇ ਗੈਰ-ਏ. ਸੀ. ਟਿਕਟ ’ਤੇ 10 ਰੁਪਏ ਅਤੇ ਏ. ਸੀ. ਟਿਕਟ ’ਤੇ 20 ਰੁਪਏ ਚਾਰਜ ਲਾਗੂ ਹੋਵੇਗਾ। ਜੀ. ਐੱਸ. ਟੀ. ਵੀ ਲੱਗੇਗਾ।
ਨਰਿੰਦਰ ਮੋਦੀ ਸਰਕਾਰ ਵੱਲੋਂ ਡਿਜੀਟਲ ਭੁਗਤਾਨ ਨੂੰ ਉਤਸ਼ਾਹਤ ਕਰਨ ਲਈ ਤਿੰਨ ਸਾਲ ਪਹਿਲਾਂ ਇਸ ਸਰਵਿਸ ਚਾਰਜ ਦੀ ਵਸੂਲੀ ਬੰਦ ਕਰ ਦਿੱਤੀ ਗਈ ਸੀ। ਪਹਿਲਾਂ ਹਰ ਨਾਨ-ਏ. ਸੀ. ਟਿਕਟ ’ਤੇ 20 ਰੁਪਏ ਤੇ ਏ. ਸੀ. ਟਿਕਟ ’ਤੇ 40 ਰੁਪਏ ਦਾ ਸਰਵਿਸ ਚਾਰਜ ਦੇਣਾ ਪੈਂਦਾ ਸੀ। ਸਰਵਿਸ ਚਾਰਜ ਬੰਦ ਹੋਣ ਨਾਲ ਆਈ. ਆਰ. ਸੀ. ਟੀ. ਸੀ. ਦੀ ਈ-ਟਿਕਟਿੰਗ ਜ਼ਰੀਏ ਹੋਣ ਵਾਲੀ ਕਮਾਈ ’ਚ ਗਿਰਾਵਟ ਆਈ ਹੈ। 

ਜ਼ਿਕਰਯੋਗ ਹੈ ਕਿ ਜਿੱਥੇ ਆਈ. ਆਰ. ਸੀ. ਟੀ. ਸੀ. ’ਤੇ ਆਨਲਾਈਨ ਟਿਕਟ ਬੁਕਿੰਗ ’ਤੇ ਚਾਰਜ ਲਾਗੂ ਕਰ ਦਿੱਤਾ ਹੈ। ਉੱਥੇ ਹੀ ਸਤੰਬਰ ਅਖੀਰ ਤੋਂ ਸ਼ਤਾਬਦੀ, ਤੇਜਸ, ਗਤੀਮਾਨ ਤੇ ਇੰਟਰਸਿਟੀ ਟਰੇਨਾਂ ’ਚ ਕਿਰਾਏ ’ਤੇ ਛੋਟ ਮਿਲਣ ਜਾ ਰਹੀ ਹੈ। ਹਾਲਾਂਕਿ, ਕਿਰਾਏ ’ਚ ਇਹ ਛੋਟ ਸਿਰਫ ਉਨ੍ਹਾਂ ਟਰੇਨਾਂ ’ਚ ਦਿੱਤੀ ਜਾਵੇਗੀ ਜਿਨ੍ਹਾਂ ’ਚ ਪਿਛਲੇ ਸਾਲ ਮਹੀਨਾਵਾਰ ਸੀਟਾਂ ਦੀ ਬੁਕਿੰਗ 50 ਫੀਸਦੀ ਤੋਂ ਘੱਟ ਰਹੀ ਸੀ।


Related News