11 ਹਜ਼ਾਰ ਟਰੇਨਾਂ ਤੇ 8,500 ਸਟੇਸ਼ਨਾਂ 'ਤੇ ਲੱਗਣਗੇ CCTV ਕੈਮਰੇ

Tuesday, Jan 23, 2018 - 10:38 AM (IST)

11 ਹਜ਼ਾਰ ਟਰੇਨਾਂ ਤੇ 8,500 ਸਟੇਸ਼ਨਾਂ 'ਤੇ ਲੱਗਣਗੇ CCTV ਕੈਮਰੇ

ਨਵੀਂ ਦਿੱਲੀ— ਮੁਸਾਫਰਾਂ ਨੂੰ ਸੁਰੱਖਿਅਤ ਅਤੇ ਨਿਡਰ ਸਫਰ ਦਾ ਅਨੁਭਵ ਦੇਣ ਲਈ ਭਾਰਤੀ ਰੇਲਵੇ 12 ਲੱਖ ਸੀ. ਸੀ. ਟੀ. ਵੀ. ਕੈਮਰੇ ਖਰੀਦਣ ਦੀ ਤਿਆਰੀ 'ਚ ਹੈ। ਸੀ. ਸੀ. ਟੀ. ਵੀ. ਜ਼ਰੀਏ ਸਾਰੀਆਂ 11 ਹਜ਼ਾਰ ਟਰੇਨਾਂ ਅਤੇ 8,500 ਸਟੇਸ਼ਨਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਲਈ ਮਾਲੀ ਵਰ੍ਹੇ 2018-19 ਦੇ ਬਜਟ 'ਚ 3,000 ਕਰੋੜ ਰੁਪਏ ਦੀ ਵਿਵਸਥਾ ਕੀਤੀ ਜਾ ਸਕਦੀ ਹੈ। 

ਯੋਜਨਾ ਮੁਤਾਬਕ ਹਰ ਡੱਬੇ 'ਚ 8 ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾਣਗੇ, ਜੋ ਗੇਟ ਅਤੇ ਗਲਿਆਰੇ ਨੂੰ ਵੀ ਕਵਰ ਕਰਨਗੇ। ਇਸ ਦੇ ਇਲਾਵਾ ਸਟੇਸ਼ਨਾਂ 'ਤੇ ਵੀ ਜਗ੍ਹਾ-ਜਗ੍ਹਾ ਕੈਮਰੇ ਲਗਾਏ ਜਾਣਗੇ। ਅਜੇ 395 ਰੇਲਵੇ ਸਟੇਸ਼ਨਾਂ ਅਤੇ 50 ਟਰੇਨਾਂ 'ਚ ਹੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਹਨ। 
ਰੇਲ ਮੰਤਰਾਲੇ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਗਲੇ 2 ਸਾਲਾਂ 'ਚ ਸਾਰੀਆਂ ਮੇਲ, ਐਕਸਪ੍ਰੈਸ, ਰਾਜਧਾਨੀ, ਸ਼ਤਾਬਦੀ, ਦੁਰੰਤੋ ਅਤੇ ਲੋਕਲ ਯਾਤਰੀ ਟਰੇਨਾਂ 'ਚ ਆਧੁਨਿਕ ਨਿਗਰਾਨੀ ਸਿਸਟਮ ਲਗਾਇਆ ਜਾਵੇਗਾ। ਰੇਲਵੇ ਫੰਡ ਜੁਟਾਉਣ ਲਈ ਸਾਰੇ ਬਦਲਾਂ 'ਤੇ ਵਿਚਾਰ ਕਰ ਰਿਹਾ ਹੈ ਅਤੇ ਜ਼ਰੂਰਤ ਪੈਣ 'ਤੇ ਪੈਸਾ ਬਾਜ਼ਾਰ ਤੋਂ ਵੀ ਇਕੱਠਾ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਵਾਪਰੇ ਕਈ ਰੇਲ ਹਾਦਸਿਆਂ ਨੂੰ ਦੇਖਦੇ ਹੋਏ ਇਸ ਰੇਲ ਬਜਟ 'ਚ ਸੁਰੱਖਿਆ ਅਤੇ ਦੁਰਘਟਨਾਵਾਂ ਨੂੰ ਰੋਕਣ 'ਤੇ ਪੂਰਾ ਜ਼ੋਰ ਦਿੱਤਾ ਜਾਵੇਗਾ। ਇਸ ਦੇ ਇਲਾਵਾ ਯਾਤਰੀਆਂ ਦੀਆਂ ਸੁਵਿਧਾਵਾਂ ਲਈ ਕਈ ਹੋਰ ਉਪਰਾਲੇ ਵੀ ਕੀਤੇ ਜਾ ਸਕਦੇ ਹਨ।


Related News