ਬੀ. ਐੱਸ. ਐੱਨ. ਐੱਲ. ਦੇ ਗਾਹਕਾਂ ਨੂੰ ਦੁਨੀਆ ਭਰ ''ਚ ਮਿਲੇਗਾ ਵਾਈ-ਫਾਈ
Saturday, Jan 14, 2017 - 08:59 AM (IST)

ਨਵੀਂ ਦਿੱਲੀ— ਸਰਕਾਰੀ ਦੂਰਸੰਚਾਰ ਕੰਪਨੀ ਭਾਰਤੀ ਦੂਰਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਹੁਣ ਆਪਣੇ ਗਾਹਕਾਂ ਨੂੰ ਦੁਨੀਆ ਭਰ ''ਚ ਵਾਈ-ਫਾਈ ਹਾਟ ਸਪਾਟ ਉਪਲੱਧ ਕਰਾਏਗੀ। ਇਸ ਲਈ ਕੰਪਨੀ ਨੇ ਟਾਟਾ ਕਮਿਊਨੀਕੇਸ਼ਨ ਨਾਲ ਸਮਝੌਤਾ ਕੀਤਾ ਹੈ। ਬੀ. ਐੱਸ. ਐੱਨ. ਐੱਲ. ਦੀ ਨਜ਼ਰ ਕੌਮਾਂਤਰੀ ਰੋਮਿੰਗ ਬਾਜ਼ਾਰ ''ਤੇ ਹੈ। ਸਰਕਾਰੀ ਕੰਪਨੀ ਆਪਣੇ ਗਾਹਕਾਂ ਨੂੰ ਸੰਸਾਰਕ ਪੱਧਰ ''ਤੇ ਨਿਸ਼ਚਿਤ ਮੁੱਲ 999 ਰੁਪਏ ''ਚ 4.4 ਕਰੋੜ ਵਾਈ-ਫਾਈ ਹਾਟ ਸਪਾਟ ਤਕ ਪਹੁੰਚ ਉਪਲੱਬਧ ਕਰਾਏਗੀ।
ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਅਨੁਪਮ ਸ਼੍ਰੀਵਾਸਤਵ ਨੇ ਕਿਹਾ, ''ਬੀ. ਐੱਸ. ਐੱਨ. ਐੱਲ. ਇਸ ਤਰ੍ਹਾਂ ਦਾ ਵੱਡਾ ਕਦਮ ਚੁੱਕਣ ਵਾਲੀ ਪਹਿਲੀ ਭਾਰਤੀ ਮੋਬਾਇਲ ਸੰਚਾਲਕ ਕੰਪਨੀ ਹੈ। ਇਸ ਨਾਲ ਸਾਡੇ ਮੋਬਾਇਲ ਗਾਹਕ ਕੌਮਾਂਤਰੀ ਪੱਧਰ ''ਤੇ ਵਾਈ-ਫਾਈ ਦੀ ਵਰਤੋਂ ਕਰ ਸਕਣਗੇ।''
ਸ਼੍ਰੀਵਾਸਤਵ ਨੇ ਕਿਹਾ ਕਿ ਸਾਡੇ ਗਾਹਕਾਂ ਦੀ ਵਿਦੇਸ਼ ਯਾਤਰਾ ਦੌਰਾਨ ਉਨ੍ਹਾਂ ਨੂੰ ਹਾਈ ਸਪੀਡ ਡਾਟਾ ਸਰਵਿਸ ਦੇਣ ਲਈ ਅਸੀਂ ਟਾਟਾ ਕਮਿਊਨੀਕੇਸ਼ਨ ਨਾਲ ਹਿੱਸੇਦਾਰੀ ਕੀਤੀ ਹੈ। ਗਾਹਕ ਇਨ੍ਹਾਂ ਹਾਟ ਸਪਾਟ ''ਤੇ ਨਿਸ਼ਚਿਤ ਕੀਮਤ ''ਚ ਅਸੀਮਤ ਡਾਟਾ ਦਾ ਲਾਭ ਲੈ ਸਕਣਗੇ। ਗਾਹਕ ਇਸ ਵਾਈ-ਫਾਈ ਸਕੀਮ ਨੂੰ ਬੀ. ਐੱਸ. ਐੱਨ. ਐੱਲ. ਦੇ ਮੋਬਾਇਲ ਐਪ ਜ਼ਰੀਏ ਚਾਲੂ ਕਰ ਸਕਣਗੇ। ਤਿੰਨ ਦਿਨ ਦੀ ਸਕੀਮ ਦਾ ਮੁੱਲ 999 ਰੁਪਏ, 15 ਦਿਨ ਦਾ 1599 ਰੁਪਏ ਅਤੇ 30 ਦਿਨ ਦਾ 1999 ਰੁਪਏ ਹੋਵੇਗਾ।