BPCL ਦੇ ਨਿੱਜੀਕਰਨ ਤੋਂ ਸਰਕਾਰ ਨੂੰ ਮਿਲ ਸਕਦਾ ਹੈ ਇੰਨਾ ਪੈਸਾ
Wednesday, Dec 16, 2020 - 02:30 PM (IST)
ਨਵੀਂ ਦਿੱਲੀ— ਦੇਸ਼ ਦੀ ਦੂਜੀ ਸਭ ਤੋਂ ਵੱਡੀ ਤੇਲ ਕੰਪਨੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੀ ਹਿੱਸੇਦਾਰੀ ਵੇਚਣ ਨਾਲ ਸਰਕਾਰ ਨੂੰ 45 ਹਜ਼ਾਰ ਕਰੋੜ ਰੁਪਏ ਮਿਲ ਸਕਦੇ ਹਨ। ਸਰਕਾਰ ਇਸ 'ਚ 52.98 ਫ਼ੀਸਦੀ ਹਿੱਸੇਦਾਰੀ ਵੇਚ ਰਹੀ ਹੈ। ਹਿੱਸੇਦਾਰੀ ਖਰੀਦਣ ਲਈ ਤਿੰਨ ਕੰਪਨੀਆਂ ਨੇ ਇਸ 'ਚ ਦਿਲਚਸਪੀ ਦਿਖਾਈ ਹੈ। ਵੇਦਾਂਤਾ ਨੇ 59 ਹਜ਼ਾਰ ਕਰੋੜ ਦੀ ਬੋਲੀ ਲਾਈ ਹੈ।
ਵੇਦਾਂਤਾ ਇਸ ਲਈ ਪੈਸਾ ਸ਼ੇਅਰ ਬਾਜ਼ਾਰ ਅਤੇ ਕਰਜ਼ ਲੈ ਕੇ ਜੁਟਾਏਗੀ। ਰਿਪੋਰਟਾਂ ਮੁਤਾਬਕ, ਇਸ ਲਈ ਕੰਪਨੀ ਕਈ ਬੈਂਕਾਂ ਨਾਲ ਗੱਲਬਾਤ ਕਰ ਰਹੀ ਹੈ।
ਖਣਨ ਖੇਤਰ ਦੀ ਦਿੱਗਜ ਕੰਪਨੀ ਵੇਦਾਂਤਾ ਗਰੁੱਪ ਨੇ ਕੱਚੇ ਤੇਲ ਉਤਪਾਦਨ 'ਚ ਆਪਣੀ ਪਕੜ ਮਜਬੂਤ ਕਰਨ ਲਈ ਬੀ. ਪੀ. ਸੀ. ਐੱਲ. ਨੂੰ ਖ਼ਰੀਦਣ 'ਚ ਦਿਲਚਸਪੀ ਦਿਖਾ ਰਹੀ ਹੈ। ਵੇਦਾਂਤਾ ਕੇਰਨ ਇੰਡੀਆ ਜ਼ਰੀਏ ਪਹਿਲਾਂ ਤੇਲ ਅਤੇ ਗੈਸ ਕਾਰੋਬਾਰ 'ਚ ਹੈ।
ਹਾਲਾਂਕਿ, ਵੇਦਾਂਤਾ ਇੱਕਲੇ ਇੰਨਾ ਵੱਡਾ ਫੰਡ ਜੁਟਾ ਸਕੇਗੀ, ਇਸ ਨੂੰ ਲੈ ਕੇ ਵਿਸ਼ਲੇਸ਼ਕਾਂ ਨੂੰ ਖਦਸ਼ਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਦੀ ਵਿੱਤੀ ਹਾਲਤ ਪਹਿਲਾਂ ਹੀ ਠੀਕ ਨਹੀਂ ਹੈ। ਰਿਪੋਰਟਾਂ ਮੁਤਾਬਕ, ਕੰਪਨੀ ਇਕ ਐਂਕਰ ਬੈਂਕ ਨਿਯੁਕਤ ਕਰੇਗੀ ਅਤੇ ਇਸ ਕੰਮ ਲਈ ਜੇ. ਪੀ. ਮਾਰਗਨ ਨਾਲ ਗੱਲਬਾਤ ਦਾ ਦੌਰ ਜਾਰੀ ਹੈ। ਹਾਲਾਂਕਿ, ਇਸ ਮਾਮਲੇ 'ਚ ਅਜੇ ਵੇਦਾਂਤਾ ਅਤੇ ਜੇ. ਪੀ. ਮਾਰਗਨ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਵੇਦਾਂਤਾ ਗਰੁੱਪ ਬੀ. ਪੀ. ਸੀ. ਐੱਲ. 'ਚ 75 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ 53 ਫ਼ੀਸਦੀ ਹਿੱਸੇਦਾਰੀ ਸਰਕਾਰ ਤੋਂ ਖ਼ਰੀਦੇਗੀ ਅਤੇ 22 ਫ਼ੀਸਦੀ ਖੁੱਲ੍ਹੀ ਪੇਸ਼ਕਸ਼ ਤਹਿਤ ਖ਼ਰੀਦੇਗੀ।