ਕੌਮਾਂਤਰੀ ਮੰਦੀ ਦਾ ਖ਼ਤਰਾ , BOA ਨੇ 2 ਦਿਨ ਦੇ ਅੰਦਰ ਹੀ ਭਾਰਤ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ ਹੋਰ ਘਟਾਇਆ

03/20/2020 11:53:28 AM

ਮੁੰਬਈ — ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਨੇ ਕੌਮਾਂਤਰੀ ਆਰਥਕ ਮੰਦੀ ਦੇ ਖਤਰੇ ਦਰਮਿਆਨ ਭਾਰਤ ਦੀ ਆਰਥਿਕ ਵਾਧਾ ਦਰ ਦੇ ਅੰਦਾਜ਼ੇ ਨੂੰ 48 ਘੰਟੇ ’ਚ 2 ਵਾਰ ਘਟਾਇਆ ਹੈ। ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਨੇ ਸਾਲ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਅੰਦਾਜ਼ੇ ਨੂੰ 0.90 ਫ਼ੀਸਦੀ ਘਟਾ ਕੇ 3.1 ਫ਼ੀਸਦੀ ਕਰ ਦਿੱਤਾ ਹੈ। ਇਸੇ ਤਰ੍ਹਾਂ ਉਸ ਨੇ ਪੂਰੇ ਵਿੱਤ ਸਾਲ ਦੀ ਜੀ. ਡੀ. ਪੀ. ਵਾਧੇ ਦੇ ਅੰਦਾਜ਼ੇ ਨੂੰ ਪੂਰਾ ਇਕ ਫ਼ੀਸਦੀ ਘੱਟ ਕਰ ਕੇ 4.1 ਫ਼ੀਸਦੀ ’ਤੇ ਰੱਖਿਆ ਹੈ।

ਕੋਰੋਨਾ ਵਾਇਰਸ ਮਹਾਮਾਰੀ ਕਾਰਣ ਕੌਮਾਂਤਰੀ ਅਰਥਵਿਵਸਥਾ ਤੇਜ਼ੀ ਨਾਲ ਮੰਦੀ ਵੱਲ ਵਧ ਰਹੀ ਹੈ। ਇਸ ਨੂੰ ਵੇਖਦੇ ਹੋਏ ਇਸ ਵਿੱਤੀ ਸੇਵਾ ਕੰਪਨੀ ਨੇ ਭਾਰਤ ਦੇ ਵਾਧੇ ਦੇ ਅੰਦਾਜ਼ੇ ਨੂੰ 2 ਦਿਨ ’ਚ 2 ਵਾਰ ਘਟਾਇਆ ਹੈ। ਬੁੱਧਵਾਰ ਨੂੰ ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਨੇ ਅਪ੍ਰੈਲ-ਜੂਨ 2020-21 ਦੀ ਜੂਨ ਤਿਮਾਹੀ ਦੀ ਵਾਧਾ ਦਰ ਦੇ ਅੰਦਾਜ਼ੇ ਨੂੰ 0.80 ਅੰਕ ਘਟਾ ਕੇ 4 ਫ਼ੀਸਦੀ ਅਤੇ ਚਾਲੂ ਵਿੱਤ ਸਾਲ ਦੀ ਮੌਜੂਦਾ ਮਾਰਚ ’ਚ ਖ਼ਤਮ ਹੋ ਰਹੀ ਤਿਮਾਹੀ ਦੇ ਅੰਦਾਜ਼ੇ ਨੂੰ 4.30 ਫ਼ੀਸਦੀ ਤੋਂ ਘਟਾ ਕੇ 4 ਫ਼ੀਸਦੀ ਕਰ ਦਿੱਤਾ ਸੀ।

ਬੈਂਕ ਆਫ ਅਮਰੀਕਾ ਸਕਿਓਰਿਟੀਜ਼ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤੀ ਰਿਜ਼ਰਵ ਬੈਂਕ ਅਗਲੇ ਵਿੱਤ ਸਾਲ ’ਚ ਆਪਣੀ ਰੈਪੋ ਰੇਟ ’ਚ 1 ਫ਼ੀਸਦੀ ਦੀ ਕਮੀ ਕਰ ਸਕਦਾ ਹੈ। ਇਸ ਰਿਪੋਰਟ ’ਚ ਅੰਦਾਜ਼ਾ ਹੈ ਕਿ ਭਾਰਤ ’ਚ ਸਾਲ 2020-21 ਦੀ ਦੂਜੀ ਛਮਾਹੀ ’ਚ ਮਹਿੰਗਾਈ ਡਿੱਗ ਕੇ 2.5 ਫ਼ੀਸਦੀ ’ਤੇ ਆ ਜਾਵੇਗੀ। ਇਸ ’ਚ ਚੰਗੇ ਵਿਦੇਸ਼ੀ ਕਰੰਸੀ ਭੰਡਾਰ ਦੀ ਬਦੌਲਤ ਭਾਰਤੀ ਰੁਪਏ ਦੀ ਵਟਾਂਦਰਾ ਦਰ ਦੇ ਮਜ਼ਬੂਤ ਰਹਿਣ ਦਾ ਅੰਦਾਜ਼ਾ ਲਾਇਆ ਗਿਆ ਹੈ ।


Harinder Kaur

Content Editor

Related News