ਬਾਇਓਕਾਨ ਨੇ ਯੂਰਪ, ਕੈਨੇਡਾ, ਜਾਪਾਨ ’ਚ ਬਾਇਓਸਿਮੀਲਰ ਉਤਪਾਦਾਂ ਦੇ ਵਪਾਰੀਕਰਨ ਲਈ ਜੈਨਸੇਨ ਨਾਲ ਕੀਤਾ ਸਮਝੌਤਾ
Thursday, Aug 29, 2024 - 06:19 PM (IST)
 
            
            ਨਵੀਂ ਦਿੱਲੀ (ਭਾਸ਼ਾ) - ਬਾਇਓਕਾਨ ਬਾਇਓਲਾਜਿਕਸ ਨੇ ਯੂਰਪ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ’ਚ ‘ਆਟੋਇਮਿਊਨ’ ਬੀਮਾਰੀਆਂ ਦੇ ਇਲਾਜ ਲਈ ਬਾਇਓਸਿਮੀਲਰ ਦਵਾਈ ਪੇਸ਼ ਕਰਨ ਲਈ ਜੈਨਸੇਨ ਨਾਲ ਸਮਝੌਤਾ ਕੀਤਾ ਹੈ। ‘ਆਟੋਇਮਿਊਨ’ ਬੀਮਾਰੀਆਂ ਤੋਂ ਮੰਤਵ ਅਜਿਹੀ ਸਥਿਤੀ ਨਾਲ ਹੈ, ਜਦੋਂ ਸਰੀਰ ਦੀ ਰੋਗਾਂ ਨਾਲ ਲੜਨ ਵਾਲੀ ਪ੍ਰਣਾਲੀ ਗਲਤੀ ਨਾਲ ਆਪਣੀਆਂ ਹੀ ਤੰਦਰੁਸਤ ਕੋਸ਼ਿਕਾਵਾਂ, ਟਿਸ਼ੂ ਅਤੇ ਅੰਗਾਂ ’ਤੇ ਹਮਲਾ ਕਰਨ ਲੱਗਦੀ ਹੈ।
ਬਾਇਓਕਾਨ ਲਿਮਟਿਡ ਦੀ ਸਹਿਯੋਗੀ ਕੰਪਨੀ ਨੇ ਜੈਨਸੇਨ ਬਾਇਓਟੈੱਕ ਇੰਕ, ਜੈਨਸੇਨ ਸਾਇੰਸਿਜ਼ ਆਇਰਲੈਂਡ ਅਤੇ ਜਾਨਸਨ ਐਂਡ ਜਾਨਸਨ ਨਾਲ ਇਕ ਨਿਪਟਾਰਾ ਅਤੇ ਲਾਇਸੈਂਸ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਨਾਲ ਸਟੇਲਾਰਾ ਦੇ ਪ੍ਰਸਤਾਵਿਤ ਬਾਇਓਸਿਮੀਲਰ , ਬੀ. ਐੱਮ. ਏ. ਬੀ. 1200 ਦੇ ਵਪਾਰੀਕਰਨ ਦਾ ਰਸਤਾ ਸਾਫ ਹੋ ਗਿਆ ਹੈ।
ਕੰਪਨੀ ਨੇ ਬਿਆਨ ’ਚ ਕਿਹਾ ਕਿ ਨਿਪਟਾਰਾ ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਬਾਇਓਕਾਨ ਬਾਇਓਲਾਜਿਕਸ ਨੇ ਯੂਰਪ, ਬ੍ਰਿਟੇਨ, ਕੈਨੇਡਾ ਅਤੇ ਜਾਪਾਨ ’ਚ ਬਾਜ਼ਾਰ ’ਚ ਪ੍ਰਵੇਸ਼ ਦੀਆਂ ਤਰੀਕਾਂ ਨੂੰ ਨਿਸ਼ਚਿਤ ਕਰਨ ਲਈ ਜੈਨਸੇਨ ਨਾਲ ਪੇਟੈਂਟ ਵਿਵਾਦਾਂ ਨੂੰ ਸੁਲਝਾ ਲਿਆ ਹੈ। ਇਨ੍ਹਾਂ ਬਾਜ਼ਾਰਾਂ ’ਚ ਰੈਗੂਲੇਟਰੀ ਦਸਤਾਵੇਜ਼ਾਂ ਦੀ ਮੌਜੂਦਾ ਸਮੇਂ ’ਚ ਸਮੀਖਿਆ ਕੀਤੀ ਜਾ ਰਹੀ ਹੈ ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            