ਡਾਟਾ ਲੀਕ ''ਚ ਫੇਸਬੁੱਕ ਨੂੰ ਵੱਡਾ ਝਟਕਾ, ਡਾਓ ਜੋਂਸ 335 ਅੰਕ ਟੁੱਟਾ
Tuesday, Mar 20, 2018 - 08:00 AM (IST)
ਵਾਸ਼ਿੰਗਟਨ— ਕਰੋੜਾਂ ਯੂਜ਼ਰ ਦੇ ਡਾਟਾ ਲੀਕ ਮਾਮਲੇ 'ਚ ਫੇਸਬੁੱਕ ਨੂੰ ਤਗੜਾ ਝਟਕਾ ਲੱਗਾ ਹੈ। ਇਸ ਖਬਰ ਦੇ ਮੱਦੇਨਜ਼ਰ ਸੋਮਵਾਰ ਨੂੰ ਫੇਸਬੁੱਕ ਦੇ ਸ਼ੇਅਰ 'ਚ ਲਗਭਗ 7 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਰਾਜਨੀਤਕ ਡਾਟਾ ਵਿਸ਼ਲੇਸ਼ਣ ਕੰਪਨੀ ਕੈਮਬ੍ਰਿਜ਼ ਐਨਾਲੇਟਿਕਾ ਨੇ 5 ਕਰੋੜ ਫੇਸਬੁੱਕ ਯੂਜ਼ਰਾਂ ਦੀ ਜਾਣਕਾਰੀ ਚੋਰੀ ਕਰਕੇ ਅਮਰੀਕੀ ਚੋਣਾਂ 'ਚ ਇਸ ਦਾ ਇਸਤੇਮਾਲ ਕੀਤਾ। ਕੈਮਬ੍ਰਿਜ਼ ਐਨਾਲੇਟਿਕਾ ਨੇ 2016 'ਚ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਟਰੰਪ ਦੀ ਮਦਦ ਕਰਨ ਲਈ ਇਸ ਦਾ ਇਸਤੇਮਾਲ ਕੀਤਾ। ਇਸ ਖਬਰ ਦੇ ਬਾਅਦ ਸੋਮਵਾਰ ਨੂੰ ਅਮਰੀਕੀ ਬਾਜ਼ਾਰ ਖੁੱਲ੍ਹਣ ਦੇ ਨਾਲ ਹੀ ਨੈਸਡੈਕ ਕੰਪੋਜ਼ਿਟ 'ਤੇ ਫੇਸਬੁੱਕ ਦਾ ਸਟਾਕ ਲਗਭਗ 5.2 ਫੀਸਦੀ ਡਿੱਗ ਕੇ 175 ਡਾਲਰ 'ਤੇ ਆ ਗਿਆ। ਇਹ ਗਿਰਾਵਟ ਬਾਅਦ 'ਚ ਵਧ ਕੇ 6 ਫੀਸਦੀ ਤੋਂ ਜ਼ਿਆਦਾ ਹੋ ਗਈ ਅਤੇ ਅਖੀਰ 6.8 ਫੀਸਦੀ ਦੀ ਵੱਡੀ ਗਿਰਾਵਟ ਨਾਲ ਇਹ 172.56 ਡਾਲਰ 'ਤੇ ਬੰਦ ਹੋਇਆ। ਫੇਸਬੁੱਕ 'ਚ ਗਿਰਾਵਟ ਦਾ ਅਸਰ ਪੂਰੇ ਬਾਜ਼ਾਰ 'ਤੇ ਦੇਖਣ ਨੂੰ ਮਿਲਿਆ। ਨੈਸਡੈਕ ਕੰਪੋਜ਼ਿਟ 1.8 ਫੀਸਦੀ ਦੀ ਗਿਰਾਵਟ ਨਾਲ 7,344.24 'ਤੇ ਬੰਦ ਹੋਇਆ, ਜੋ ਇਸ ਦਾ 8 ਫਰਵਰੀ ਤੋਂ ਬਾਅਦ ਦਾ ਸਭ ਤੋਂ ਖਰਾਬ ਦਿਨ ਰਿਹਾ।
ਉੱਥੇ ਹੀ ਡਾਓ ਜੋਂਸ 335.60 ਅੰਕ ਟੁੱਟ ਕੇ 24,610.91 'ਤੇ ਬੰਦ ਹੋਇਆ। ਕੈਟਰਪਿਲਰ ਦੇ ਸਟਾਕ ਨੇ ਇਸ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ। ਟੈੱਕ ਸੈਕਟਰ 'ਚ 2.1 ਫੀਸਦੀ ਦੀ ਗਿਰਾਵਟ ਕਾਰਨ ਐੱਸ. ਐਂਡ. ਪੀ.-500 ਇੰਡੈਕਸ 1.4 ਫੀਸਦੀ ਹੇਠਾਂ ਆ ਕੇ 2,712.92 'ਤੇ ਬੰਦ ਹੋਇਆ। ਇਸ ਦੌਰਾਨ ਫੇਸਬੁੱਕ ਸਭ ਤੋਂ ਵਧ ਗਿਰਾਵਟ ਵਾਲਾ ਸ਼ੇਅਰ ਰਿਹਾ ਅਤੇ ਮਾਰਚ 2014 ਤੋਂ ਬਾਅਦ ਇਸ 'ਚ ਸਭ ਤੋਂ ਵੱਡੀ ਇਕ ਦਿਨਾ ਗਿਰਾਵਟ ਦਰਜ ਕੀਤੀ ਗਈ।
