ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਨਿਵੇਸ਼ਕਾਂ ਦੇ 7 ਲੱਖ ਕਰੋੜ ਰੁਪਏ ਡੁੱਬੇ

Saturday, Oct 26, 2024 - 11:04 AM (IST)

ਦੀਵਾਲੀ ਤੋਂ ਪਹਿਲਾਂ ਸ਼ੇਅਰ ਬਾਜ਼ਾਰ ’ਚ ਹਾਹਾਕਾਰ, ਨਿਵੇਸ਼ਕਾਂ ਦੇ 7 ਲੱਖ ਕਰੋੜ ਰੁਪਏ ਡੁੱਬੇ

ਮੁੰਬਈ (ਭਾਸ਼ਾ) - ਭਾਰਤੀ ਸ਼ੇਅਰ ਬਾਜ਼ਾਰ ’ਚ ਦੀਵਾਲੀ ਤੋਂ ਪਹਿਲਾਂ ਹਾਹਾਕਾਰ ਮਚ ਗਈ। ਅੱਜ ਵੀ ਨਿਵੇਸ਼ਕਾਂ ਦੇ ਲੱਖਾਂ ਕਰੋਡ਼ ਰੁਪਏ ਡੁੱਬ ਗਏ। ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੁੱਕਰਵਾਰ ਨੂੰ ਬਾਜ਼ਾਰ ਵੱਡੀ ਗਿਰਾਵਟ ਨਾਲ ਬੰਦ ਹੋਏ।

ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੂਚਕਅੰਕ ਸੈਂਸੈਕਸ ਅੱਜ 662.87 ਅੰਕ ਦੀ ਗਿਰਾਵਟ ਨਾਲ 79,402.29 ਦੇ ਪੱਧਰ ’ਤੇ ਬੰਦ ਹੋਇਆ। ਬਾਜ਼ਾਰ ਬੰਦ ਹੁੰਦੇ ਸਮੇਂ ਇਸ ਦੇ 30 ਸ਼ੇਅਰਾਂ ’ਚੋਂ 10 ਸ਼ੇਅਰ ਹਰੇ ਨਿਸ਼ਾਨ ’ਤੇ ਅਤੇ 20 ਸ਼ੇਅਰ ਲਾਲ ਨਿਸ਼ਾਨ ’ਤੇ ਸਨ।

ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਸੂਚਕਅੰਕ ਨਿਫਟੀ ਵੀ 218.60 ਅੰਕ ਦੀ ਗਿਰਾਵਟ ਨਾਲ 24,180.80 ’ਤੇ ਬੰਦ ਹੋਇਆ। ਬਾਜ਼ਾਰ ਬੰਦ ਹੁੰਦੇ ਸਮੇਂ ਨਿਫਟੀ ਦੇ 50 ਸ਼ੇਅਰਾਂ ’ਚੋਂ 12 ਹਰੇ ਨਿਸ਼ਾਨ ’ਤੇ ਅਤੇ 38 ਸ਼ੇਅਰ ਲਾਲ ਨਿਸ਼ਾਨ ’ਤੇ ਸਨ। ਮਿਡਕੈਪ ਸਟਾਕਸ ਅਤੇ ਸਮਾਲ ਕੈਪ ਸਟਾਕਸ ਵੀ ਮੂਧੇ ਮੂੰਹ ਜਾ ਡਿੱਗੇ।

ਬੀ. ਐੱਸ. ਈ. ’ਤੇ ਲਿਸਟਿਡ ਸਟਾਕਸ ਦਾ ਮਾਰਕੀਟ ਕੈਪ 437 ਲੱਖ ਕਰੋਡ਼ ਰੁਪਏ ’ਤੇ ਬੰਦ ਹੋਇਆ ਹੈ, ਜੋ ਪਿਛਲੇ ਸੈਸ਼ਨ ’ਚ 444 ਲੱਖ ਕਰੋਡ਼ ਰੁਪਏ ਦੇ ਲੱਗਭਗ ਰਿਹਾ ਸੀ। ਭਾਵ ਅੱਜ ਦੇ ਸੈਸ਼ਨ ’ਚ ਨਿਵੇਸ਼ਕਾਂ ਨੂੰ ਲੱਗਭਗ 7 ਲੱਖ ਕਰੋਡ਼ ਰੁਪਏ ਦਾ ਨੁਕਸਾਨ ਹੋਇਆ ਹੈ।

ਬਾਜ਼ਾਰ ਡਿੱਗਣ ਦੇ ਇਹ ਹਨ ਕਾਰਨ

ਸ਼ੇਅਰ ਬਾਜ਼ਾਰ ’ਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਐੱਫ. ਆਈ. ਆਈ. ਬਿਕਵਾਲੀ ਕਰ ਰਹੇ ਹਨ। ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐੱਫ. ਆਈ. ਆਈ.) ਅੰਨ੍ਹੇਵਾਹ ਲਗਾਤਾਰ ਸ਼ੇਅਰ ਵੇਚ ਰਹੇ ਹਨ, ਜਿਸ ਨੇ ਬਾਜ਼ਾਰ ਦੇ ਮੂਡ ਨੂੰ ਸਭ ਤੋਂ ਵੱਧ ਖ਼ਰਾਬ ਕੀਤਾ ਹੋਇਆ ਹੈ। ਐੱਫ. ਆਈ. ਆਈ. ਨੇ 25 ਅਕਤੂਬਰ ਨੂੰ ਸ਼ੁੱਧ ਤੌਰ ’ਤੇ 5,062 ਕਰੋਡ਼ ਰੁਪਏ ਦੇ ਸ਼ੇਅਰ ਵੇਚੇ।

ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਚੋਣ ਨਤੀਜਿਆਂ ਨੂੰ ਲੈ ਕੇ ਬੇਭਰੋਸਗੀ ਬਣੀ ਹੋਈ ਹੈ। ਨਿਵੇਸ਼ਕ ਅਮਰੀਕੀ ਚੋਣਾਂ ਤੋਂ ਪਹਿਲਾਂ ਬਾਜ਼ਾਰ ’ਚ ਸੰਭਾਵੀ ਅਸਥਿਰਤਾ ਲਈ ਤਿਆਰ ਹੋ ਰਹੇ ਹਨ, ਜਿਸ ਦਾ ਅਸਰ ਭਾਰਤੀ ਬਾਜ਼ਾਰ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।


author

Harinder Kaur

Content Editor

Related News