ਬੈਂਕਾਂ ਨੇ ਜੇ. ਪੀ. ਪਾਵਰ ਦੀ 30 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਮੰਗੀਆਂ ਬੋਲੀਆਂ

Tuesday, Aug 29, 2017 - 12:58 AM (IST)

ਬੈਂਕਾਂ ਨੇ ਜੇ. ਪੀ. ਪਾਵਰ ਦੀ 30 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਮੰਗੀਆਂ ਬੋਲੀਆਂ

ਨਵੀਂ ਦਿੱਲੀ- ਜੈ ਪ੍ਰਕਾਸ਼ ਪਾਵਰ ਵੈਂਚਰਸ ਲਿਮਟਿਡ ਦੇ ਕਰਜ਼ਦਾਤਾ ਬੈਂਕਾਂ ਨੇ ਕੰਪਨੀ 'ਚ ਆਪਣੀ ਕੁਝ ਬਾਕੀ ਰਾਸ਼ੀ ਦੀ ਵਸੂਲੀ ਲਈ ਕੰਪਨੀ 'ਚ ਘੱਟ ਤੋਂ ਘੱਟ 30 ਫ਼ੀਸਦੀ ਹਿੱਸੇਦਾਰੀ ਵੇਚਣ ਲਈ ਬੋਲੀਆਂ ਮੰਗੀਆਂ ਹਨ। ਇਨ੍ਹਾਂ ਕਰਜ਼ਦਾਤਿਆਂ ਨੇ ਹਿੱਸੇਦਾਰੀ ਦੀ ਵਿਕਰੀ ਲਈ ਐੱਸ. ਬੀ. ਆਈ. ਕੈਪੀਟਲ ਮਾਰਕੀਟਸ ਅਤੇ ਅਰਨਸਟ ਐਂਡ ਯੰਗ ਨੂੰ ਕੰਮ ਸੌਂਪਿਆ ਹੈ। ਸੰਭਾਵੀ ਨਿਵੇਸ਼ਕਾਂ ਵੱਲੋਂ ਬੋਲੀਆਂ ਮੰਗਣ ਵਾਲੇ ਇਸ ਦਸਤਾਵੇਜ਼ 'ਚ ਕਰਜ਼ਦਾਤਿਆਂ ਨੇ ਆਪਣੀ ਪਛਾਣ ਨਹੀਂ ਦੱਸੀ ਹੈ।
ਕੰਪਨੀ ਦੀ ਸਾਲਾਨਾ ਰਿਪੋਰਟ ਮੁਤਾਬਕ ਆਈ. ਸੀ. ਆਈ. ਸੀ. ਆਈ. ਬੈਂਕ ਦੀ ਅਗਵਾਈ ਵਾਲੇ ਸਮੂਹ 'ਚ 10 ਬੈਂਕਾਂ ਨੇ ਉਸ ਨੂੰ ਕਰਜ਼ੇ ਦਿੱਤੇ ਹੋਏ ਹਨ ਅਤੇ ਬੈਂਕਾਂ ਦੇ ਇਸ ਸਮੂਹ ਦੀ ਜੈ ਪ੍ਰਕਾਸ਼ ਪਾਵਰ ਵੈਂਚਰਸ ਲਿਮਟਿਡ 'ਚ 51.8 ਫ਼ੀਸਦੀ ਹਿੱਸੇਦਾਰੀ ਸੀ। ਬੈਂਕਾਂ ਦਾ ਕੰਪਨੀ 'ਤੇ ਕੁਲ 14,916 ਕਰੋੜ ਰੁਪਏ ਦਾ ਕਰਜ਼ਾ ਬਕਾਇਆ ਸੀ। ਦਸਤਾਵੇਜ਼ ਦੇ ਮੁਤਾਬਕ 30 ਫ਼ੀਸਦੀ ਹਿੱਸੇਦਾਰੀ ਦੀ ਖਰੀਦਦਾਰੀ ਕਰਨ ਵਾਲਾ ਕੰਪਨੀ ਦਾ ਸਭ ਤੋਂ ਵੱਡਾ ਇਕੱਲਾ ਸ਼ੇਅਰਧਾਰਕ ਹੋਵੇਗਾ। ਨੋਇਡਾ ਸਥਿਤ ਗੌੜ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ 'ਚ ਆਈ. ਸੀ. ਆਈ. ਸੀ. ਆਈ. ਬੈਂਕ ਦੀ 13.72 ਫ਼ੀਸਦੀ ਹਿੱਸੇਦਾਰੀ ਹੈ। ਜੈ ਪ੍ਰਕਾਸ਼ ਪਾਵਰ ਦਾ ਕਾਰੋਬਾਰ ਰੀਅਲ ਅਸਟੇਟ ਅਤੇ ਹੋਰ ਖੇਤਰਾਂ 'ਚ ਹੈ। ਗੌੜ ਪਰਿਵਾਰ ਦੀ ਕੰਪਨੀ 'ਚ 29.7 ਫ਼ੀਸਦੀ ਹਿੱਸੇਦਾਰੀ ਹੈ। ਬਹਰਹਾਲ ਇਸ ਮੁੱਦੇ 'ਤੇ ਕੰਪਨੀ ਦੇ ਬੁਲਾਰੇ ਨੇ ਫੋਨ ਦਾ ਕੋਈ ਜਵਾਬ ਨਹੀਂ ਦਿੱਤਾ।


Related News