ਇਸ ਸਰਕਾਰੀ ਬੈਂਕ ''ਚ ਚੱਲ ਰਿਹੈ ਲੋਨ, ਤਾਂ ਹੁਣ ਜੇਬ ਹੋਵੇਗੀ ਹਲਕੀ

09/05/2018 3:37:28 PM

ਨਵੀਂ ਦਿੱਲੀ— ਬੈਂਕ ਆਫ ਬੜੌਦਾ ਨੇ ਕਰਜ਼ਾ 0.05 ਫੀਸਦੀ ਤਕ ਮਹਿੰਗਾ ਕਰ ਦਿੱਤਾ ਹੈ। ਬੈਂਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸ ਨੇ ਮਾਰਜਨਲ ਕਾਸਟ ਆਫ ਫੰਡਜ਼ ਬੇਸਡ ਲੈਂਡਿੰਗ ਰੇਟ (ਐੱਮ. ਸੀ. ਐੱਲ. ਆਰ.) 'ਚ 5 ਬੇਸਿਸ ਅੰਕ ਦਾ ਵਾਧਾ ਕੀਤਾ ਹੈ। ਬੈਂਕ ਦਾ ਕਰਜ਼ਾ 7 ਸਤੰਬਰ ਤੋਂ ਮਹਿੰਗਾ ਹੋ ਜਾਵੇਗਾ। ਐੱਮ. ਸੀ. ਐੱਲ. ਆਰ. ਵਧਣ ਨਾਲ ਕਾਰ ਲੋਨ, ਬਿਜ਼ਨਸ ਲੋਨ ਅਤੇ ਪਰਸਨਲ ਲੋਨ ਦੀ ਈ. ਐੱਮ. ਆਈ. ਵਧ ਜਾਵੇਗੀ। ਐੱਮ. ਸੀ. ਐੱਲ. ਆਰ. ਇਕ ਤਰ੍ਹਾਂ ਨਾਲ ਬੈਂਕਾਂ ਦੇ ਲੋਨ ਦੇਣ ਦੀ ਵਿਆਜ ਦਰ ਦਾ ਬੈਂਚਮਾਰਕ ਹੁੰਦਾ ਹੈ, ਜਦੋਂ ਇਹ ਵਧਦਾ ਹੈ, ਤਾਂ ਉਸ ਨਾਲ ਜੁੜੇ ਸਾਰੇ ਕਰਜ਼ਿਆਂ ਦੀ ਵਿਆਜ ਦਰ ਵਧ ਜਾਂਦੀ ਹੈ।

ਬੈਂਕ ਆਫ ਬੜੌਦਾ ਨੇ ਇਕ ਸਾਲ ਦਾ ਐੱਮ. ਸੀ. ਐੱਲ. ਆਰ. 8.50 ਫੀਸਦੀ ਤੋਂ ਵਧਾ ਕੇ 8.55 ਫੀਸਦੀ ਕਰ ਦਿੱਤਾ ਹੈ। ਉੱਥੇ ਹੀ 6 ਮਹੀਨੇ ਲਈ ਦਰ ਹੁਣ 8.40 ਫੀਸਦੀ ਹੋਵੇਗੀ, ਜੋ ਪਹਿਲਾਂ 8.35 ਫੀਸਦੀ ਸੀ। ਇਸੇ ਤਰ੍ਹਾਂ 7 ਸਤੰਬਰ ਤੋਂ ਤਿੰਨ ਮਹੀਨੇ ਲਈ ਐੱਮ. ਸੀ. ਐੱਲ. ਆਰ. ਦਰ 8.15 ਫੀਸਦੀ ਤੋਂ ਵਧ ਕੇ 8.20 ਫੀਸਦੀ ਹੋ ਜਾਵੇਗੀ। ਇਕ ਮਹੀਨੇ ਦਾ ਐੱਮ. ਸੀ. ਐੱਲ. ਆਰ. ਹੁਣ 8.05 ਫੀਸਦੀ ਦੀ ਬਜਾਏ 8.10 ਫੀਸਦੀ ਹੋਵੇਗਾ।
ਜ਼ਿਕਰਯੋਗ ਹੈ ਕਿ ਪਹਿਲੀ ਸਤੰਬਰ ਨੂੰ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.), ਕੋਟਕ ਮਹਿੰਦਰਾ ਬੈਂਕ, ਆਈ. ਸੀ. ਆਈ. ਸੀ. ਆਈ. ਬੈਂਕ ਅਤੇ ਸੈਂਟਰਲ ਬੈਂਕ ਨੇ ਕਰਜ਼ੇ ਮਹਿੰਗੇ ਕੀਤੇ ਸਨ। ਐੱਸ. ਬੀ. ਆਈ. ਦਾ ਇਕ ਸਾਲ ਦਾ ਐੱਮ. ਸੀ. ਐੱਲ. ਆਰ. ਹੁਣ 8.45 ਫੀਸਦੀ ਹੈ, ਜੋ ਪਹਿਲਾਂ 8.25 ਫੀਸਦੀ ਸੀ। ਤਿੰਨ ਸਾਲ ਦਾ ਐੱਮ. ਸੀ. ਐੱਲ. ਆਰ. 8.65 ਫੀਸਦੀ ਹੈ, ਇਸ ਤੋਂ ਪਹਿਲਾਂ ਇਹ 8.45 ਫੀਸਦੀ ਸੀ।


Related News