ਇਸ ਬੈਂਕ ''ਚ ਹੈ ਖ਼ਾਤਾ ਤਾਂ ਜਲਦ ਕਰ ਲਓ ਕੰਮ, ਦੋ ਦਿਨ ਹੋ ਸਕਦੀ ਹੈ ਪ੍ਰੇਸ਼ਾਨੀ
Thursday, Mar 04, 2021 - 04:03 PM (IST)

ਨਵੀਂ ਦਿੱਲੀ- ਬੈਂਕ ਨਾਲ ਸਬੰਧਤ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਜਲਦ ਕਰ ਲਓ ਕਿਉਂਕਿ ਇਸ ਮਹੀਨੇ ਹੜਤਾਲ ਕਾਰਨ ਤੁਹਾਨੂੰ ਪ੍ਰੇਸ਼ਾਨੀ ਹੋ ਸਕਦੀ ਹੈ। ਜਨਤਕ ਖੇਤਰ ਦੇ ਕੇਨਰਾ ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਕਈ ਬੈਂਕ ਸੰਗਠਨਾਂ ਵੱਲੋਂ ਪ੍ਰਸਤਾਵਿਤ ਹੜਤਾਲ ਕਾਰਨ ਇਸ ਮਹੀਨੇ ਦੇ ਅੰਤ ਵਿਚ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
15-16 ਮਾਰਚ ਨੂੰ ਹੜਤਾਲ ਹੈ। ਇਹ ਦੋ ਸਰਕਾਰੀ ਬੈਂਕਾਂ ਦੇ ਪ੍ਰਸਤਾਵਿਤ ਨਿੱਜੀਕਰਨ ਖਿਲਾਫ਼ ਸੱਦੀ ਗਈ ਹੈ। ਇਸ ਤੋਂ ਪਹਿਲਾਂ 13 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਹੈ ਅਤੇ 14 ਮਾਰਚ ਨੂੰ ਐਤਵਾਰ ਹੈ, ਯਾਨੀ ਜੇਕਰ ਹੜਤਾਲ ਹੋਈ ਤਾਂ 13 ਮਾਰਚ ਤੋਂ ਲੈ ਕੇ 16 ਮਾਰਚ ਤੱਕ ਬੈਂਕਾਂ ਵਿਚ ਕੰਮਕਾਜ ਠੱਪ ਰਹਿਣਗੇ।
ਕੇਨਰਾ ਬੈਂਕ ਨੇ ਕਿਹਾ ਕਿ ਉਹ ਪ੍ਰਸਤਾਵਿਤ ਹੜਤਾਲ ਦੇ ਦਿਨਾਂ ਵਿਚ ਬੈਂਕ ਸ਼ਾਖਾਵਾਂ ਤੇ ਦਫ਼ਤਰਾਂ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ। ਹਾਲਾਂਕਿ, ਹੜਤਾਲ ਹੋਣ ਦੀ ਸਥਿਤੀ ਵਿਚ ਕੰਮਕਾਜ 'ਤੇ ਅਸਰ ਪੈ ਸਕਦਾ ਹੈ। ਹੜਤਾਲ ਵਿਚ ਏ. ਆਈ. ਬੀ. ਈ. ਏ., ਏ. ਆਈ. ਬੀ. ਓ. ਸੀ., ਐੱਨ. ਸੀ. ਬੀ. ਈ., ਏ. ਆਈ. ਬੀ. ਓ. ਏ., ਬੀ. ਈ. ਐੱਫ. ਆਈ., ਆਈ. ਐੱਨ. ਬੀ. ਈ. ਐੱਫ., ਆਈ. ਬੀ. ਓ. ਸੀ., ਐੱਨ. ਓ. ਬੀ. ਡਬਲਿਊ., ਐੱਨ. ਓ. ਬੀ. ਓ. ਅਤੇ ਏ. ਆਈ. ਐੱਨ. ਬੀ. ਓ. ਐੱਫ. ਸੰਗਠਨ ਸ਼ਾਮਲ ਹੋਣਗੇ।