ਬੈਂਕ ਮੁਲਾਜ਼ਮ ਕੱਲ ਹੋਣਗੇ ਹੜਤਾਲ 'ਤੇ ਪਰ ਇਨ੍ਹਾਂ ਗਾਹਕਾਂ ਲਈ 'ਨੋ ਟੈਂਸ਼ਨ'
Wednesday, Nov 25, 2020 - 08:30 PM (IST)
ਚੇਨੱਈ— 26 ਨਵੰਬਰ ਨੂੰ ਹੜਤਾਲ ਕਾਰਨ ਕਾਫ਼ੀ ਸਾਰੇ ਬੈਂਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ। ਸਰਬ ਭਾਰਤੀ ਬੈਂਕ ਕਰਮਚਾਰੀ ਸੰਗਠਨ (ਏ. ਆਈ. ਬੀ. ਈ. ਏ.) ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਵੀਰਵਾਰ ਨੂੰ ਸੱਦੀ ਗਈ ਦੇਸ਼ ਪੱਧਰੀ ਹੜਤਾਲ 'ਚ 4.5 ਲੱਖ ਬੈਂਕ ਮੁਲਾਜ਼ਮ ਸ਼ਾਮਲ ਹੋਣਗੇ, ਜਿਸ ਨਾਲ ਦੇਸ਼ ਭਰ 'ਚ ਬੈਂਕਿੰਗ ਕੰਮਕਾਜ ਪ੍ਰਭਾਵਿਤ ਹੋਵੇਗਾ।
ਸੰਗਠਨਾਂ ਦਾ ਕਹਿਣਾ ਹੈ ਕਿ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਬੁਲਾਈ ਗਈ ਹੈ। ਏ. ਆਈ. ਬੀ. ਈ. ਏ. ਦੇ ਜਨਰਲ ਸੱਕਤਰ ਸੀ. ਐੱਚ. ਵੈਂਕਟਾਚਲਮ ਨੇ ਕਿਹਾ, ''ਜਨਤਕ ਖੇਤਰ ਦੇ 12 ਬੈਂਕਾਂ ਦੇ ਕਰਮਚਾਰੀ, ਨੌ ਨਿੱਜੀ ਬੈਂਕਾਂ, ਨੌ ਵਿਦੇਸ਼ੀ ਬੈਂਕਾਂ, ਸਾਰੇ ਗ੍ਰਾਮੀਣ ਬੈਂਕਾਂ ਅਤੇ ਜ਼ਿਆਦਾਤਰ ਸਹਿਕਾਰੀ ਬੈਂਕਾਂ ਦੇ ਕਰਮਚਾਰੀ ਹੜਤਾਲ 'ਚ ਹਿੱਸਾ ਲੈਣਗੇ।''
ਉਨ੍ਹਾਂ ਅਨੁਸਾਰ, ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਕਰਮਚਾਰੀ ਹੜਤਾਲ 'ਚ ਹਿੱਸਾ ਨਹੀਂ ਲੈ ਰਹੇ ਹਨ ਅਤੇ ਇਸੇ ਤਰ੍ਹਾਂ ਹੋਰਨਾਂ ਬੈਂਕਾਂ ਦੇ ਅਧਿਕਾਰੀ ਵੀ ਹੜਤਾਲ 'ਚ ਸ਼ਾਮਲ ਨਹੀਂ ਹੋ ਰਹੇ ਹਨ। ਇਸ ਦਾ ਮਤਲਬ ਹੈ ਕਿ ਐੱਸ. ਬੀ. ਆਈ. ਦੇ ਖ਼ਾਤਾਧਾਰਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਣ ਵਾਲੀ।
ਇਹ ਵੀ ਪੜ੍ਹੋ- ਬ੍ਰੈਂਟ ਜਲਦ ਹੋ ਸਕਦਾ ਹੈ 60 ਡਾਲਰ ਤੋਂ ਪਾਰ, ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ
ਕਿਉਂ ਸੱਦੀ ਗਈ ਹੜਤਾਲ-
ਏ. ਆਈ. ਬੀ. ਈ. ਏ. ਦਾ ਕਹਿਣਾ ਹੈ ਕਿ ਸਰਕਾਰ ਨੇ ਈਜ਼ ਆਫ਼ ਡੂਇੰਗ ਬਿਜ਼ਨੈੱਸ ਦੇ ਨਾਂ 'ਤੇ 27 ਮੌਜੂਦਾ ਕਾਨੂੰਨਾਂ ਨੂੰ ਖ਼ਤਮ ਕਰਕੇ ਜਿਨ੍ਹਾਂ ਤਿੰਨ ਲੇਬਰ ਕੋਡ ਨੂੰ ਪਾਸ ਕੀਤਾ ਹੈ, ਉਸ ਤਹਿਤ 75 ਫ਼ੀਸਦੀ ਮਜ਼ਦੂਰਾਂ ਨੂੰ ਕਿਰਤ ਕਾਨੂੰਨਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਇਨ੍ਹਾਂ ਮਜ਼ਦੂਰਾਂ ਨੂੰ ਕਿਸੇ ਤਰ੍ਹਾਂ ਦੀ ਸੁਰੱਖਿਆ ਨਹੀਂ ਮਿਲੇਗੀ। ਸੰਗਠਨ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਸ਼ੁੱਧ ਰੂਪ ਤੋਂ ਕਾਰਪੋਰੇਟ ਜਗਤ ਦੇ ਹਿੱਤ 'ਚ ਹਨ। ਏ. ਆਈ. ਬੀ. ਈ. ਏ. ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਅਤੇ ਇੰਡੀਅਨ ਓਵਰਸੀਜ਼ ਬੈਂਕ ਨੂੰ ਛੱਡ ਕੇ ਜ਼ਿਆਦਾਤਰ ਬੈਂਕਾਂ ਦੀ ਅਗਵਾਈ ਕਰਦਾ ਹੈ।
ਇਹ ਵੀ ਪੜ੍ਹੋ- Google Pay ਤੋਂ ਪੈਸੇ ਟਰਾਂਸਫਰ ਕਰਨ ਨੂੰ ਲੈ ਕੇ ਵੱਡੀ ਰਾਹਤ ਭਰੀ ਖ਼ਬਰ