3 ਦਿਨ ਬੰਦ ਰਹਿਣਗੇ ਬੈਂਕ, ਪਹਿਲਾਂ ਹੀ ਕਰ ਲਓ ਜ਼ਰੂਰੀ ਕੰਮ

04/24/2018 10:09:50 AM

ਮੁੰਬਈ— ਇਸ ਮਹੀਨੇ ਦੇ ਆਖਰੀ 3 ਦਿਨ ਬੈਂਕਾਂ 'ਚ ਛੁੱਟੀ ਰਹੇਗੀ। ਇਸ ਦਾ ਸਿੱਧਾ ਅਸਰ ਏ. ਟੀ. ਐੱਮ. ਸੇਵਾਵਾਂ 'ਤੇ ਪੈਣ ਦੇ ਆਸਾਰ ਹਨ। ਬੀਤੇ ਦਿਨੀਂ ਜਿਸ ਤਰ੍ਹਾਂ ਦੇਸ਼ ਦੇ ਕਈ ਸ਼ਹਿਰਾਂ 'ਚ ਨਕਦੀ ਦਾ ਸੰਕਟ ਰਿਹਾ, ਉਸ ਨੂੰ ਵੇਖਦਿਆਂ ਬੈਂਕ 3 ਦਿਨ ਬੰਦ ਰਹਿਣ 'ਤੇ ਲੋਕਾਂ ਨੂੰ ਨਕਦੀ ਸੰਬੰਧੀ ਮੁਸ਼ਕਲ ਹੋ ਸਕਦੀ ਹੈ। ਹਾਲਾਂਕਿ ਲੰਮੀਆਂ ਛੁੱਟੀਆਂ 'ਤੇ ਬੈਂਕਾਂ ਵੱਲੋਂ ਵਾਧੂ ਨਕਦੀ ਦੇ ਇੰਤਜ਼ਾਮ ਕੀਤੇ ਜਾਂਦੇ ਹਨ ਪਰ ਜਿਸ ਤਰ੍ਹਾਂ ਨਾਲ ਹਾਲ ਹੀ ਦੇ ਦਿਨਾਂ 'ਚ ਏ. ਟੀ. ਐੱਮਜ਼. 'ਚ ਕੈਸ਼ ਦੀ ਕਮੀ ਸਾਹਮਣੇ ਆਈ ਹੈ, ਉਸ ਦਾ ਅਸਰ ਇਸ ਦੌਰਾਨ ਦੇਖਣ ਨੂੰ ਮਿਲ ਸਕਦਾ ਹੈ। 28 ਅਪ੍ਰੈਲ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਦੀ ਵਜ੍ਹਾ ਨਾਲ ਬੈਂਕਾਂ 'ਚ ਛੁੱਟੀ ਰਹੇਗੀ, 29 ਅਪ੍ਰੈਲ ਨੂੰ ਐਤਵਾਰ ਕਾਰਨ ਬੈਂਕ ਬੰਦ ਰਹਿਣਗੇ। ਜਦਕਿ 30 ਅਪ੍ਰੈਲ ਨੂੰ ਸਰਕਾਰ ਵੱਲੋਂ ਬੁੱਧ ਪੂਰਣਿਮਾ 'ਤੇ ਛੁੱਟੀ ਐਲਾਨੀ ਗਈ ਹੈ। ਇਸ ਦੌਰਾਨ ਕੈਸ਼ ਚੈਸਟਾਂ 'ਚ ਵੀ ਛੁੱਟੀ ਰਹੇਗੀ, ਯਾਨੀ ਸ਼ੁੱਕਰਵਾਰ 27 ਅਪ੍ਰੈਲ ਤਕ ਹੀ ਏ. ਟੀ. ਐੱਮਜ਼. 'ਚ ਪੈਸੇ ਪਾਏ ਜਾਣਗੇ।

ਜੇਕਰ ਤੁਸੀਂ ਸ਼ਨੀਵਾਰ ਜਾਂ ਸੋਮਵਾਰ ਨੂੰ ਕਿਸੇ ਲੋਨ ਦੀ ਕਿਸ਼ਤ ਜਮ੍ਹਾ ਕਰਾਉਣੀ ਹੈ ਤਾਂ ਇਹ ਕੰਮ ਸ਼ੁੱਕਰਵਾਰ ਤਕ ਨਿਪਟਾ ਲਓ। ਬਿਹਤਰ ਹੋਵੇਗਾ ਕਿ ਤੁਸੀਂ ਆਖਰੀ ਸਮੇਂ ਦੀ ਉਡੀਕ ਨਾ ਕਰਦੇ ਹੋਏ ਬੈਂਕਾਂ ਨਾਲ ਜੁੜੇ ਬਾਕੀ ਜ਼ਰੂਰੀ ਕੰਮ ਵੀ ਇਨ੍ਹਾਂ ਦਿਨਾਂ 'ਚ ਹੀ ਕਰ ਲਓ। ਜੇਕਰ ਘਰ 'ਚ ਕੋਈ ਪ੍ਰੋਗਰਾਮ ਹੈ ਜਾਂ ਫਿਰ ਕਿਸੇ ਹੋਰ ਦੇ ਪ੍ਰੋਗਰਾਮ 'ਤੇ ਜਾਣਾ ਹੈ, ਤਾਂ ਜ਼ਾਹਰ ਜਿਹੀ ਗੱਲ ਹੈ ਕਿ ਪੈਸੇ ਦੀ ਜ਼ਰੂਰਤ ਹੋਵੇਗੀ। ਇਸ ਲਈ ਛੁੱਟੀ ਵਾਲੇ ਦਿਨਾਂ ਤੋਂ ਪਹਿਲਾਂ ਆਪਣੀ ਲੋੜ ਅਨੁਸਾਰ ਰਕਮ ਕਢਾ ਕੇ ਰੱਖ ਲਓ। ਹਾਲਾਂਕਿ ਜੇਕਰ ਤੁਸੀਂ ਡਿਜੀਟਲ ਲੈਣ-ਦੇਣ ਕਰਦੇ ਹੋ, ਤਾਂ ਤੁਹਾਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਵੇਗੀ।


Related News