ICICI ਬੈਂਕ ਵੱਲੋਂ ਵਿਆਜ ਦਰਾਂ 'ਚ ਕਟੌਤੀ, ਸਾਲ ਦੀ FD 'ਤੇ ਮਿਲੇਗਾ ਹੁਣ ਇੰਨਾ ਰਿਟਰਨ

10/22/2020 10:49:06 AM

ਨਵੀਂ ਦਿੱਲੀ— ਬੈਂਕ ਖਾਤਾਧਾਰਕਾਂ ਲਈ ਫਿਕਸਡ ਡਿਪਾਜ਼ਿਟ (ਐੱਫ. ਡੀ.) ਨੂੰ ਲੈ ਕੇ ਫਿਰ ਬੁਰੀ ਖ਼ਬਰ ਹੈ। ਲਗਾਤਾਰ ਐੱਫ. ਡੀ. ਦਰਾਂ 'ਚ ਕਟੌਤੀ ਦਾ ਸਿਲਸਿਲਾ ਜਾਰੀ ਹੈ। ਹੁਣ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਟੌਤੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਐੱਚ. ਡੀ. ਐੱਫ. ਸੀ. ਬੈਂਕ ਨੇ ਕਟੌਤੀ ਕੀਤੀ ਸੀ।


ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਇਕ ਸਾਲ ਤੋਂ ਦੋ ਸਾਲਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰਾਂ 'ਚ ਕਮੀ ਕੀਤੀ ਹੈ। ਹੁਣ ਇਨ੍ਹਾਂ 'ਤੇ ਪਹਿਲਾਂ ਨਾਲੋਂ 0.10 ਫੀਸਦੀ ਘੱਟ ਵਿਆਜ ਮਿਲੇਗਾ। ਇਕ ਸਾਲ 'ਚ ਅਤੇ 18 ਮਹੀਨਿਆਂ ਤੋਂ ਘੱਟ ਸਮੇਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਹੁਣ ਆਈ. ਸੀ. ਆਈ. ਸੀ. ਆਈ. ਬੈਂਕ ਸਿਰਫ 4.9 ਫੀਸਦੀ ਵਿਆਜ ਦੇਵੇਗਾ।

ਉੱਥੇ ਹੀ, 18 ਮਹੀਨਿਆਂ ਤੋਂ 2 ਸਾਲ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਵਿਆਜ ਦਰ ਘੱਟ ਕੇ 5 ਫੀਸਦੀ ਰਹਿ ਗਈ ਹੈ। ਹੋਰ ਬੈਂਕ ਵੀ ਇਹ ਕਦਮ ਉਠਾ ਸਕਦੇ ਹਨ।

ਇਸ ਤੋਂ ਇਲਾਵਾ 2 ਸਾਲ ਤੋਂ ਉਪਰ ਅਤੇ 3 ਸਾਲ ਵਿਚਕਾਰ ਵਾਲੇ ਫਿਕਸਡ ਡਿਪਾਜ਼ਿਟ 'ਤੇ ਵਿਆਜ ਦਰ 5.15 ਫੀਸਦੀ, 3 ਸਾਲ ਤੋਂ ਉਪਰ ਅਤੇ 5 ਸਾਲਾਂ ਦੀ ਮਿਆਦ ਵਾਲੀ ਐੱਫ. ਡੀ. 'ਤੇ ਵਿਆਜ ਦਰ 5.35 ਫੀਸਦੀ ਅਤੇ 5 ਸਾਲ ਤੋਂ ਉਪਰ ਅਤੇ 10 ਸਾਲਾਂ 'ਚ ਪੂਰੀ ਹੋਣ ਵਾਲੀ ਐੱਫ. ਡੀ. 'ਤੇ ਇਹ ਦਰ 5.50 ਫੀਸਦੀ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਵੱਲੋਂ ਦਰਾਂ 'ਚ ਕੀਤੀ ਗਈ ਕਟੌਤੀ 21 ਅਕਤੂਬਰ ਤੋਂ ਪ੍ਰਭਾਵੀ ਹੋ ਗਈ ਹੈ।


Sanjeev

Content Editor

Related News