AXIS ਬੈਂਕ ਬੋਰਡ ਨੇ ਅਮਿਤਾਭ ਚੌਧਰੀ ਨੂੰ ਐੱਮ. ਡੀ, CEO ਵਜੋਂ ਮਨਜ਼ੂਰੀ ਦਿੱਤੀ

Thursday, Apr 29, 2021 - 01:17 PM (IST)

AXIS ਬੈਂਕ ਬੋਰਡ ਨੇ ਅਮਿਤਾਭ ਚੌਧਰੀ ਨੂੰ ਐੱਮ. ਡੀ, CEO ਵਜੋਂ ਮਨਜ਼ੂਰੀ ਦਿੱਤੀ

ਨਵੀਂ ਦਿੱਲੀ- ਨਿੱਜੀ ਖੇਤਰ ਦੇ ਬੈਂਕ ਐਕਸਿਸ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਅਮਿਤਾਭ ਚੌਧਰੀ ਨੂੰ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ. ਈ. ਓ. ਵਜੋਂ ਤਿੰਨ ਸਾਲਾਂ ਲਈ ਮੁੜ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬੈਂਕ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਉਨ੍ਹਾਂ ਦੀ ਨਿਯੁਕਤੀ 1 ਜਨਵਰੀ, 2022 ਤੋਂ ਪ੍ਰਭਾਵੀ ਹੋਵੇਗੀ। ਐਕਸਿਸ ਬੈਂਕ ਨੇ ਇਕ ਰੈਗੂਲੇਟਰੀ ਨੋਟਿਸ ਵਿਚ ਕਿਹਾ, "ਬੈਂਕ ਦੇ ਡਾਇਰੈਕਟਰਜ਼ ਬੋਰਡ ਨੇ ਅਮਿਤਾਭ ਚੌਧਰੀ ਨੂੰ ਤਿੰਨ ਹੋਰ ਸਾਲਾਂ ਲਈ ਬੈਂਕ ਦਾ ਮੈਨੇਜਿੰਗ ਡਾਇਰੈਕਟਰ (ਐੱਮ. ਡੀ.) ਤੇ ਸੀ. ਈ. ਓ. ਨਿਯੁਕਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕੀਤਾ ਅਤੇ ਉਸ ਨੂੰ ਮਨਜ਼ੂਰੀ ਦੇ ਦਿੱਤੀ ਹੈ।"

ਚੌਧਰੀ 1 ਜਨਵਰੀ 2022 ਤੋਂ 31 ਦਸੰਬਰ, 2024 ਤਕ ਅਗਲੇ ਤਿੰਨ ਸਾਲਾਂ ਲਈ ਬੈਂਕ ਦੇ ਐੱਮ. ਡੀ. ਅਤੇ ਸੀ. ਈ. ਓ. ਵਜੋਂ ਜਾਰੀ ਰਹਿਣਗੇ। ਬੈਂਕ ਦੇ ਰੈਗੂਲੇਟਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਨਿਯੁਕਤੀ ਰਿਜ਼ਰਵ ਬੈਂਕ ਅਤੇ ਸ਼ੇਅਰ ਧਾਰਕਾਂ ਦੀ ਮਨਜ਼ੂਰੀ ‘ਤੇ ਨਿਰਭਰ ਕਰੇਗੀ। ਬੈਂਕ ਵੱਲੋਂ ਇਸ ਤੋਂ ਪਹਿਲਾਂ ਅਮਿਤਾਭ ਚੌਧਰੀ ਨੂੰ 1 ਜਨਵਰੀ 2019 ਨੂੰ ਐਕਸਿਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੇ ਸੀ. ਈ. ਓ. ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦਾ ਮੌਜੂਦਾ ਕਾਰਜਕਾਲ 31 ਦਸੰਬਰ 2021 ਨੂੰ ਖ਼ਤਮ ਹੋ ਰਿਹਾ ਹੈ। ਐਕਸਿਸ ਬੈਂਕ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਚੌਧਰੀ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਦੇ ਐੱਮ. ਡੀ. ਅਤੇ ਸੀ. ਈ. ਓ. ਸਨ।


author

Sanjeev

Content Editor

Related News