ਆਟੋਮੋਬਾਇਲ ਉਦਯੋਗ ''ਤੇ ਤਾਲਾਬੰਦੀ ਦੀ ਮਾਰ, ਮਈ ''ਚ ਵਿਕੇ ਸਿਰਫ 2 ਲੱਖ ਵਾਹਨ
Thursday, Jun 11, 2020 - 05:19 PM (IST)

ਨਵੀਂ ਦਿੱਲੀ (ਵਾਰਤਾ) : ਕੋਵਿਡ-19 ਮਹਾਮਾਰੀ ਦੌਰਾਨ ਮਈ ਵਿਚ ਡੀਲਰਸ਼ਿੱਪ ਖੁੱਲਣ ਦੇ ਬਾਵਜੂਦ ਦੇਸ਼ ਵਿਚ ਵਾਹਨਾਂ ਦੀ ਪ੍ਰਚੂਨ ਵਿਕਰੀ ਸਿਰਫ 2 ਲੱਖ 2 ਹਜ਼ਾਰ 697 ਇਕਾਈ ਰਹੀ, ਜਿਨ੍ਹਾਂ ਵਿਚ 8,317 ਟਰੈਕਟਰ ਵੀ ਸ਼ਾਮਲ ਹਨ। ਆਟੋਮੋਬਾਇਲ ਡੀਲਰ ਦੇ ਸੰਗਠਨਾਂ ਦੇ ਮਹਾਸੰਘ (ਫਾਡਾ) ਨੇ ਅੱਜ ਮਈ ਦੇ ਵਿਕਰੀ ਦੇ ਅੰਕੜੇ ਜਾਰੀ ਕੀਤੇ।
ਉਸ ਨੇ ਦੱਸਿਆ ਕਿ ਅਪ੍ਰੈਲ ਵਿਚ ਪੂਰਣਬੰਦੀ ਕਾਰਨ ਵਾਹਨਾਂ ਦੀ ਪ੍ਰਚੂਨ ਵਿਕਰੀ ਸਿਫ਼ਰ ਰਹਿਣ ਦੇ ਬਾਅਦ ਤਾਲਾਬੰਦੀ ਵਿਚ ਛੋਟ ਮਿਲਣ ਨਾਲ ਮਈ ਦਾ ਮਹੀਨਾ ਖ਼ਤਮ ਹੁੰਦੇ-ਹੁੰਦੇ 26,500 ਆਉਟਲੈਟ ਵਿਚੋਂ 60 ਫ਼ੀਸਦੀ ਸ਼ੋਰੂਮ ਅਤੇ 80 ਫ਼ੀਸਦੀ ਵਕਰਸ਼ਾਪ ਖੁੱਲ ਚੁੱਕੇ ਸਨ। ਇਸ ਦੇ ਬਾਵਜੂਦ ਵਿਕਰੀ 88.87 ਫ਼ੀਸਦੀ ਲੁੜਕ ਕੇ 2,02,697 ਇਕਾਈ ਰਹਿ ਗਈ। ਪਿਛਲੇ ਸਾਲ ਮਈ ਵਿਚ ਦੇਸ਼ ਵਿਚ 18,21,650 ਵਾਹਨ ਵਿਕੇ ਸਨ। ਫਾਡਾ ਦੇ ਪ੍ਰਧਾਨ ਅਸੀਸ ਹੰਸਰਾਜ ਕਾਲੇ ਨੇ ਕਿਹਾ ਕਿ ਮਈ ਦੀ ਵਿਕਰੀ ਦੇ ਆਧਾਰ 'ਤੇ ਮੰਗ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ, ਕਿਉਂਕਿ ਦੇਸ਼ ਦੇ ਕਈ ਹਿੱਸਿਆਂ ਵਿਚ ਅਜੇ ਵੀ ਤਾਲਾਬੰਦੀ ਹੈ। ਜੂਨ ਦੇ ਪਹਿਲੇ 10 ਦਿਨਾਂ ਤੱਕ ਜ਼ਿਆਦਾਤਰ ਡੀਲਰਸ਼ਿੱਪ ਖੁੱਲ੍ਹ ਚੁੱਕੇ ਸਨ। ਇਸ ਦੇ ਬਾਵਜੂਦ ਮੰਗ ਬੇਹੱਦ ਘੱਟ ਹੈ।