ਆਟੋ ਕੰਪੋਨੈਂਟ ਕੰਪਨੀਆਂ ਨੂੰ ਆਮਦਨ ’ਚ 8-10 ਫੀਸਦੀ ਵਾਧੇ ਦੀ ਉਮੀਦ : ਇਕਰਾ

Tuesday, Nov 15, 2022 - 03:32 PM (IST)

ਆਟੋ ਕੰਪੋਨੈਂਟ ਕੰਪਨੀਆਂ ਨੂੰ ਆਮਦਨ ’ਚ 8-10 ਫੀਸਦੀ ਵਾਧੇ ਦੀ ਉਮੀਦ : ਇਕਰਾ

ਮੁੰਬਈ (ਭਾਸ਼ਾ) – ਆਟੋ ਕੰਪੋਨੈਂਟਸ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੂੰ ਚਾਲੂ ਵਿੱਤੀ ਸਾਲ ’ਚ ਆਪਣੀ ਆਮਦਨ ’ਚ 8 ਤੋਂ 10 ਫੀਸਦੀ ਦੇ ਵਾਧੇ ਦੀ ਉਮੀਦ ਹੈ। ਰੇਟਿੰਗ ਏਜੰਸੀ ਇਕਰਾ ਨੇ ਸੋਮਵਾਰ ਨੂੰ ਜਾਰੀ ਰਿਪੋਰਟ ’ਚ ਕਿਹਾ ਕਿ ਘਰੇਲੂ ਮੂਲ ਉਪਕਰਨ ਨਿਰਮਾਤਾਵਾਂ (ਓ. ਈ. ਐੱਮ.) ਦੀ ਮਜ਼ਬੂਤ ਮੰਗ ਅਤੇ ਵਾਹਨਾਂ ਦੇ ਕੰਪੋਨੈਂਟਸ, ਅਸੈੱਸਰੀਜ਼ ਅਤੇ ਕੰਪੋਨੈਂਟ ਬਾਜ਼ਾਰ (ਆਫਟਰ ਮਾਰਕੀਟ) ਵਿਚ ਦੱਬੀ ਹੋਈ ਮੰਗ ਦੇ ਨਿਕਲਣ ਨਾਲ ਸਪਲਾਈਕਰਤਾਵਾਂ ਦੀ ਆਮਦਨ ਵਧ ਸਕਦੀ ਹੈ।

ਰਿਪੋਰਟ ਮੁਤਾਬਕ ਉਦਯੋਗ ਨੂੰ ਚਾਲੂ ਵਿੱਤੀ ਸਾਲ 2022-23 ਦੀ ਪਹਿਲੀ ਛਿਮਾਹੀ ਦੌਰਾਨ ਆਪਣੀ ਆਮਦਨ ’ਚ ਸਾਲਾਨਾ ਆਧਾਰ ’ਤੇ 29 ਫੀਸਦੀ ਦੇ ਵਾਧੇ ਦੀ ਉਮੀਦ ਹੈ। ਇਕਰਾ ਨੇ ਕਰੀਬ 3,00,000 ਕਰੋੜ ਰੁਪਏ ਦੇ ਕੁੱਲ ਸਾਲਾਨਾ ਆਮਦਨ ਵਾਲੀਆਂ 40 ਵਾਹਨ ਕੰਪੋਨੈਂਟਸ ਕੰਪਨੀਆਂ ਦੇ ਅਨੁਮਾਨਾਂ ਦੇ ਆਧਾਰ ’ਤੇ ਇਹ ਰਿਪੋਰਟ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਮਹੀਨਿਆਂ ’ਚ ਸਪਲਾਈ ਚੇਨ ਦੀਆਂ ਰੁਕਾਵਟਾਂ, ਮਹਿੰਗਾਈ ਦੇ ਦਬਾਅ ਅਤੇ ਭੂ-ਸਿਆਸੀ ਸੰਕਟ ਕਾਰਨ ਐਕਸਪੋਰਟ ਆਰਡਰ ਘੱਟ ਹੋਏ ਹਨ। ਇਕਰਾ ਦੀ ਉੱਪ-ਪ੍ਰਧਾਨ ਅਤੇ ਖੇਤਰੀ ਮੁਖੀ ਵਿਨੁਤਾ ਐੱਸ ਨੇ ਕਿਹਾ ਕਿ ਓ. ਈ. ਐੱਮ. ਦੀ ਮੰਗ ਦਾ ਭਾਰਤੀ ਵਾਹਨ ਕੰਪੋਨੈਂਟ ਉਦਯੋਗ ਦੀ ਵਿਕਰੀ ’ਚ ਲਗਭਗ 50 ਫੀਸਦੀ ਹਿੱਸਾ ਹੈ। ਇਸ ਦੇ ਚਾਲੂ ਵਿੱਤੀ ਸਾਲ ’ਚ ਸੁਧਾਰ ਦੀ ਸੰਭਾਵਨਾ ਹੈ। ਭਾਰਤ ’ਚ ਵਾਹਨ ਕੰਪੋਨੈਂਟਸ ਦਾ ਇੰਪੋਰਟ ਬੀਤੇ ਵਿੱਤੀ ਸਾਲ ’ਚ 18.3 ਅਰਬ ਡਾਲਰ ਸੀ, ਜਿਸ ’ਚ ਚੀਨ ਅਤੇ ਜਰਮਨੀ ਸਭ ਤੋਂ ਵੱਡੇ ਸ੍ਰੋਤ ਬਾਜ਼ਾਰ ਸਨ।


author

Harinder Kaur

Content Editor

Related News