ਆਟੋ ਕੰਪਨੀਆਂ ਛੇ ਮਹੀਨਿਆਂ ਦੇ ਅੰਦਰ ਫਲੈਕਸ-ਫਿਊਲ ਵਾਹਨਾਂ ਦਾ ਨਿਰਮਾਣ ਸ਼ੁਰੂ ਕਰਨਗੀਆਂ : ਗਡਕਰੀ
Sunday, Mar 13, 2022 - 12:15 PM (IST)
ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਆਟੋਮੋਬਾਇਲ ਕੰਪਨੀਆਂ ਦੇ ਚੋਟੀ ਦੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਛੇ ਮਹੀਨਿਆਂ ਦੇ ਅੰਦਰ ਫਲੈਕਸ-ਫਿਊਲ ਵਾਹਨਾਂ ਦਾ ਨਿਰਮਾਣ ਸ਼ੁਰੂ ਕਰ ਦੇਣਗੇ। ਗਡਕਰੀ ਨੇ ‘ਈ. ਟੀ.ਗਲੋਬਲ ਬਿਜ਼ਨੈੱਸ ਸਮਿਟ’ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਜਨਤਕ ਟ੍ਰਾਂਸਪੋਰਟ ਨੂੰ 100 ਫੀਸਦੀ ਸਵੱਛ ਊਰਜਾ ਸ੍ਰੋਤਾਂ ਨਾਲ ਚਲਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਹਫਤੇ ਮੈਂ ਸਾਰੀਆਂ ਵੱਡੀਆਂ ਆਟੋਮੋਬਾਇਲ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰ ਅਤੇ ਸਿਆਮ ਦੇ ਪ੍ਰਤੀਨਿਧੀਆਂ ਨਾਲ ਬੈਠਕ ਕੀਤੀ। ਉਨ੍ਹਾਂ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਉਹ ਅਜਿਹੇ ਵਾਹਨਾਂ ਲਈ ਫਲੈਕਸ-ਫਿਊਲ ਇੰਜਣ ਦਾ ਨਿਰਮਾਣ ਸ਼ੁਰੂ ਕਰੇਗਾ ਜੋ ਇਕ ਤੋਂ ਵੱਧ ਈਂਧਨ ਨਾਲ ਚੱਲ ਸਕਦੇ ਹਨ। ਫਲੈਕਸ-ਫਿਊਲ, ਗੈਸੋਲੀਨ ਅਤੇ ਮੀਥੇਨਾਲ ਜਾਂ ਈਥੇਨਾਲ ਦੇ ਮਿਸ਼ਰਣ ਨਾਲ ਤਿਆਰ ਇਕ ਬਦਲ ਈਂਧਨ ਹੈ। ਉਨ੍ਹਾਂ ਨੇ ਕਿਹਾ ਕਿ ਟੀ. ਵੀ. ਐੱਸ. ਮੋਟਰ ਅਤੇ ਬਜਾਟ ਆਟੋ ਵਰਗੀਆਂ ਕੰਪਨੀਆਂ ਨੇ ਪਹਿਲਾਂ ਹੀ ਦੋਪਹੀਆ ਅਤੇ ਤਿੰਨ ਪਹੀਆ ਵਾਹਨਾਂ ਲਈ ਫਲੈਕਸ-ਫਿਊਲ ਇੰਜਣ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ।