BS6 ਵੱਲ ਵਧੀਆਂ ਆਟੋ ਕੰਪਨੀਆਂ, ਪਰ ਗਾਹਕਾਂ ਦੀ ਪਸੰਦ ਅਜੇ ਵੀ BS4

10/22/2019 5:25:43 PM

ਮੁੰਬਈ — ਨਵੇਂ ਨਿਕਾਸ ਨਿਯਮਾਂ ਦੇ ਲਾਗੂ ਹੋਣ 'ਚ ਹੁਣ ਸਿਰਫ 5 ਮਹੀਨੇ ਬਾਕੀ ਬਚੇ ਹਨ। ਦੂਜੇ ਪਾਸੇ ਕਾਰ ਕੰਪਨੀਆਂ ਨੇ ਵੀ ਅਪ੍ਰੈਲ 2020 ਦੀ ਆਖਰੀ ਤਰੀਕ ਆਉਣ ਤੋਂ ਪਹਿਲਾਂ ਹੀ ਬੀ.ਐਸ.-6 ਮਾਡਲ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਬੀ.ਐਸ.-6 'ਚ ਲੋਕਾਂ ਵਲੋਂ ਅਪਡੇਟ ਹੋਣ ਦੀ ਰਫਤਾਰ ਸੁਸਤ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਗ੍ਰਾਹਕ ਅਜੇ ਵੀ ਬੀ.ਐਸ.- 4 ਮਾਡਲਾਂ 'ਚ ਦਿਲਚਸਪੀ ਦਿਖਾ ਰਹੇ ਹਨ। ਇਹ ਰੁਝਾਨ ਖਾਸ ਤੌਰ 'ਤੇ ਤਿਉਹਾਰਾਂ ਸਮੇਂ ਦੀ ਖਰੀਦਦਾਰੀ ਦੌਰਾਨ ਦਿਖਾਈ ਦਿੱਤਾ ਹੈ। ਆਟੋ ਇੰਡਸਟਰੀ ਨੇ ਬੀ.ਐਸ.-4 ਇਨਵੈਂਟਰੀ ਨੂੰ ਘਟਾਉਣ ਲਈ ਬਹੁਤ ਸਾਰੇ ਆਫਰ ਵੀ ਦਿੱਤੇ ਹਨ। ਕੰਪਨੀਆਂ ਆਪਣੇ ਪੋਰਟਫੋਲੀਓ ਦੇ ਚੋਣਵੇਂ ਉਤਪਾਦਾਂ 'ਤੇ 1 ਲੱਖ ਰੁਪਏ ਤੱਕ ਦੀ ਛੋਟ ਵੀ ਦੇ ਰਹੀਆਂ ਹਨ।

ਆਟੋ ਮਾਰਕੀਟ ਵਿਚ ਸੁਸਤੀ ਦੇ ਬਾਵਜੂਦ ਖ਼ਾਸਕਰ ਤਿਉਹਾਰਾਂ ਦੇ ਸੀਜ਼ਨ ਦੇ ਸ਼ੁਰੂਆਤੀ 10 ਦਿਨ ਯਾਨੀ ਕਿ ਦੁਸਹਿਰੇ ਤੱਕ ਵਿਕਰੀ ਵਧਾਉਣ 'ਚ ਕਾਫੀ ਮਦਦ ਮਿਲੀ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ 10 ਦਿਨਾਂ 'ਚ ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਦੇ ਬੀ.ਐਸ.-4 ਉਤਪਾਦਾਂ ਦੀ ਥੋਕ ਅਤੇ ਪ੍ਰਚੂਨ ਵਿਕਰੀ ਵਿਚ 5-7% ਦਾ ਵਾਧਾ ਹੋਇਆ ਹੈ। ਇਸ ਨਾਲ ਕੰਪਨੀ ਨੂੰ ਪੁਰਾਣੇ ਸਟਾਕ ਨੂੰ ਖਤਮ ਕਰਨ ਵਿਚ ਮਦਦ ਮਿਲੀ। 

ਮਾਰੂਤੀ ਦੇ 16 ਵਿੱਚੋਂ 8 ਮਾਡਲ ਬੀ.ਐਸ.-6 ਸਟੈਂਡਰਡ ਵਾਲੇ 

ਮਾਰੂਤੀ ਸੁਜ਼ੂਕੀ ਕੋਲ mass segment 'ਚ ਬੀ.ਐਸ.-6 ਨਿਯਮਾਂ ਵਾਲੇ ਪੈਟਰੋਲ ਵਾਹਨਾਂ ਨੂੰ ਸ਼ੁਰੂ ਕਰਨ ਦਾ ਫਾਇਦਾ ਹੋਇਆ ਹੈ। ਕੰਪਨੀ ਨੇ ਅਪ੍ਰੈਲ 'ਚ ਪਹਿਲੀ ਬੀ.ਐਸ.-6 ਕਾਰ ਲਾਂਚ ਕੀਤੀ ਸੀ ਅਤੇ ਹੁਣ ਤੱਕ 6 ਮਹੀਨਿਆਂ ਵਿਚ 2 ਲੱਖ ਤੋਂ ਜਿਆਦਾ ਵਾਹਨ ਵੇਚ ਚੁੱਕੀ ਹੈ। ਮਾਰੂਤੀ ਦੇ 16 ਵਿੱਚੋਂ 8 ਮਾਡਲ ਬੀ.ਐਸ.-6 ਮਿਆਰ ਦੇ ਹਨ।

ਹੁੰਡਈ ਵੀ ਬੀ.ਐਸ.-6 ਕਾਰਾਂ ਨੂੰ ਜਲਦੀ ਸਵੀਕਾਰ ਕਰਨ ਵਾਲੀਆਂ ਕੰਪਨੀਆਂ 'ਚ ਸ਼ਾਮਲ

ਹੁੰਡਈ ਮੋਟਰਜ਼ ਵੀ ਬੀ.ਐਸ.-6 ਕਾਰਾਂ ਨੂੰ ਜਲਦੀ ਸਵੀਕਾਰ ਕਰਨ ਵਾਲੀਆਂ ਕੰਪਨੀਆਂ ਵਿਚ ਸ਼ਾਮਲ ਹੈ। ਹਾਲਾਂਕਿ ਕੰਪਨੀ ਨੂੰ ਨਹੀਂ ਲੱਗਦਾ ਕਿ ਬੀ.ਐਸ.-6 ਵਾਹਨਾਂ ਦੀ ਵਿਕਰੀ ਬੀ.ਐਸ.-4 ਕਾਰਾਂ ਦੇ ਮੁਕਾਬਲੇ ਤੇਜ਼ ਹੈ। ਹੁੰਡਈ ਮੋਟਰ ਇੰਡੀਆ ਦੇ ਨੈਸ਼ਨਲ ਸੇਲਜ਼ ਹੈੱਡ ਵਿਕਾਸ ਜੈਨ ਨੇ ਕਿਹਾ, '“ਲੋਕ ਅਜੇ ਵੀ ਪੇਸ਼ਕਸ਼ਾਂ ਅਤੇ ਛੋਟਾਂ ਕਾਰਨ ਵਧੇਰੇ ਬੀ.ਐਸ.-4 ਵਾਹਨ ਖਰੀਦ ਰਹੇ ਹਨ। ਕੀਮਤ ਦੇ ਅੰਤਰ ਦੇ ਬਾਵਜੂਦ ਸਿਰਫ ਮੁੱਠੀ ਭਰ ਖਰੀਦਦਾਰ ਬੀ.ਐਸ.- 6 ਕਾਰਾਂ ਖਰੀਦ ਰਹੇ ਹਨ।'

ਡੀਲਰ ਵੀ ਬੀ.ਐਸ.-6 ਨੂੰ ਲੈ ਕੇ ਜ਼ਿਆਦਾ ਉਤਸੁਕ ਨਹੀਂ ਹਨ

ਕਾਰ ਡੀਲਰ ਵੀ ਬੀ.ਐਸ.-6 ਬਾਰੇ ਜ਼ਿਆਦਾ ਉਤਸ਼ਾਹੀ ਨਹੀਂ ਹਨ। ਉਹ ਮਹਿਸੂਸ ਕਰਦੇ ਹਨ ਕਿ ਨਵੇਂ ਸਟੈਂਡਰਡ ਵਾਹਨਾਂ ਨੂੰ ਵੇਚਣ ਵਿਚ ਸਮਾਂ ਲੱਗੇਗਾ। ਡੀਲਰਾਂ ਦਾ ਮੰਨਣਾ ਹੈ ਕਿ ਨਿਰਮਾਤਾਵਾਂ ਕੋਲ ਵੇਚਣ ਲਈ ਦੋਵੇਂ ਮਾਡਲਾਂ ਵਾਲੇ ਵਾਹਨ ਹੋਣੇ ਚਾਹੀਦੇ ਹਨ।

ਆਟੋਮੋਟਿਵ ਸਕਿੱਲ ਡਿਵੈਲਪਮੈਂਟ ਕੌਂਸਲ (ਏ.ਐੱਸ.ਡੀ.ਸੀ.) ਦੇ ਚੇਅਰਮੈਨ ਅਤੇ ਵੱਡੇ ਡੀਲਰ ਨਿਕੁੰਜ ਸੰਘੀ ਨੇ ਕਿਹਾ, ਅਜਿਹਾ ਹੋਣ 'ਤੇ ਹੀ ਗਾਹਕਾਂ ਨੂੰ ਉਤਪਾਦ 'ਚ ਵੈਲਿਊ ਨਜ਼ਰ ਆਵੇਗੀ। ਇਸ ਸਮੇਂ ਉਹੀ ਗਾਹਕ ਬੀ.ਐਸ.-6 ਮਾਡਲ ਖਰੀਦਣਗੇ, ਜਿਹੜੇ ਵਾਤਾਵਰਣ ਪ੍ਰਤੀ ਚਿੰਤਤ ਹੋਣਗੇ। ”ਡੀਲਰਾਂ ਦਾ ਇਹ ਵੀ ਕਹਿਣਾ ਹੈ ਕਿ ਬੀ.ਐਸ.-4 ਵਾਹਨਾਂ ਦੀ ਰੀਸੇਲ ਵੈਲਿਊ ਬਣੀ ਰਹੇਗੀ ਕਿਉਂਕਿ ਬੀ.ਐਸ.-6 ਵਾਹਨਾਂ ਦੀ ਸਰਵਿਸ ਕਾਸਟ ਅਜੇ ਸਹੂਲਿਅਤ ਵਾਲੀ ਨਹੀਂ ਹੈ।
 


Related News