AUDI ਨੇ ਛੱਡੀ ਡੀਜ਼ਲ ਕਾਰਾਂ ਦੀ ਜਿੱਦ, ਹੁਣ ਸਿਰਫ ਇਨ੍ਹਾਂ ਇੰਜਣਾਂ 'ਤੇ ਫੋਕਸ

08/11/2019 12:31:47 PM

ਨਵੀਂ ਦਿੱਲੀ— ਜਰਮਨ ਦੀ ਦਿੱਗਜ ਲਗਜ਼ਰੀ ਕਾਰ ਕੰਪਨੀ ਔਡੀ ਹੁਣ ਭਾਰਤ 'ਚ ਪੈਟਰੋਲ, ਹਾਈਬ੍ਰਿਡ ਤੇ ਇਲੈਕਟ੍ਰਿਕ ਕਾਰਾਂ ਨੂੰ ਲਾਂਚ ਕਰੇਗੀ। ਭਾਰਤ 'ਚ ਅਪ੍ਰੈਲ 2020 ਤੋਂ ਲਾਗੂ ਹੋਣ ਜਾ ਰਹੇ ਸਖਤ ਬੀ. ਐੱਸ.-6 ਨਿਯਮਾਂ ਨੂੰ ਦੇਖਦੇ ਹੋਏ ਕੰਪਨੀ ਨੇ ਡੀਜ਼ਲ ਕਾਰਾਂ 'ਤੇ ਫੋਕਸ ਘਟਾ ਦਿੱਤਾ ਹੈ। ਲਗਜ਼ਰੀ ਕਾਰ ਕੰਪਨੀ ਭਾਰਤ 'ਚ ਸਾਲ 2020 ਦੇ ਸ਼ੁਰੂ 'ਚ ਇਲੈਕਟ੍ਰਿਕ ਕਾਰ ਈ-ਟ੍ਰਾਨ ਲਾਂਚ ਕਰਨ ਦੀ ਤਿਆਰੀ 'ਚ ਹੈ। ਸਰਕਾਰ ਵੱਲੋਂ ਈ-ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਚੁੱਕੇ ਗਏ ਕਦਮਾਂ ਨੂੰ ਦੇਖਦੇ ਹੋਏ ਜਰਮਨ ਦੀ ਇਸ ਕੰਪਨੀ ਨੇ ਇਹ ਕਦਮ ਉਠਾਇਆ ਹੈ।

 

 

ਲਗਜ਼ਰੀ ਕਾਰ ਕੰਪਨੀ ਔਡੀ ਦੇ ਭਾਰਤੀ ਕਾਰੋਬਾਰ ਦੇ ਮੁਖੀ ਰਾਹਿਲ ਅੰਸਾਰੀ ਨੇ ਕਿਹਾ ਕਿ ਭਾਰਤ 'ਚ ਸਾਫ ਤੌਰ 'ਤੇ ਡੀਜ਼ਲ ਤੋਂ ਪੈਟਰੋਲ ਵ੍ਹੀਕਲਾਂ 'ਚ ਸ਼ਿਫਟ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੈਟਰੋਲ ਵ੍ਹੀਕਲਾਂ ਦੀ ਹਿੱਸੇਦਾਰੀ 10 ਫੀਸਦੀ ਹੁੰਦੀ ਸੀ, ਜਦੋਂ ਕਿ ਇਸ ਸਾਲ ਪਹਿਲਾਂ ਹੀ ਪੈਟਰੋਲ ਵਾਹਨ੍ਹਾਂ ਦੀ ਹਿੱਸੇਦਾਰੀ 30-40 ਫੀਸਦੀ 'ਤੇ ਪਹੁੰਚ ਗਈ ਹੈ। ਰਾਹਿਲ ਅੰਸਾਰੀ ਨੇ ਕਿਹਾ ਕਿ ਅਗਲੇ ਸਾਲ ਔਡੀ ਇੰਡੀਆ ਦੇ ਇਤਿਹਾਸ 'ਚ ਪਹਿਲੀ ਵਾਰ ਪੈਟਰੋਲ ਕਾਰਾਂ ਦੀ ਹਿੱਸੇਦਾਰੀ ਡੀਜ਼ਲ ਕਾਰਾਂ ਨਾਲੋਂ ਵੱਧ ਹੁੰਦੀ ਹੋਈ ਦੇਖਣ ਨੂੰ ਮਿਲੇਗੀ ਤੇ ਕੰਪਨੀ ਇਸ 'ਤੇ ਜ਼ੋਰ ਵੀ ਦੇ ਰਹੀ ਹੈ।
ਇਸ ਲਗਜ਼ਰੀ ਕਾਰ ਕੰਪਨੀ ਵੱਲੋਂ ਲਾਂਚ ਕੀਤੇ ਜਾਣ ਵਾਲੇ A6, A8 ਤੇ Q8  ਵ੍ਹੀਕਲਜ਼ ਸਿਰਫ ਪੈਟਰੋਲ ਇੰਜਣ 'ਚ ਹੀ ਲਾਂਚ ਹੋਣਗੇ। A6 ਸਿਡਾਨ ਕੰਪਨੀ ਵੱਲੋਂ ਸਤੰਬਰ 'ਚ ਲਾਂਚ ਕੀਤੀ ਜਾਵੇਗੀ, ਜਿਸ ਮਗਰੋਂ A8 ਲਾਂਚ ਕੀਤੀ ਜਾਵੇਗੀ ਤੇ Q8 ਦਸੰਬਰ 'ਚ ਉਤਾਰੀ ਜਾਵੇਗੀ। ਭਾਰਤ 'ਚ ਪਿਛਲੇ ਸਾਲ ਔਡੀ ਨੇ 6,463 ਯੂਨਿਟਸ ਵੇਚੇ ਸਨ ਤੇ ਕੰਪਨੀ ਨੂੰ ਇਸ ਸਾਲ ਵਿਕਰੀ ਸਪਾਟ ਰਹਿਣ ਦੀ ਸੰਭਾਵਨਾ ਹੈ।


Related News