ਮਨਮਾਨੀ ਕਾਰਨ ਵਧ ਰਹੇ ਹਨ ਸਬਜ਼ੀਆਂ ਦੇ ਮੁੱਲ

Saturday, Oct 21, 2017 - 02:19 AM (IST)

ਮਨਮਾਨੀ ਕਾਰਨ ਵਧ ਰਹੇ ਹਨ ਸਬਜ਼ੀਆਂ ਦੇ ਮੁੱਲ

ਨਵੀਂ ਦਿੱਲੀ- ਤਿਉਹਾਰੀ ਮੌਸਮ 'ਚ ਸਬਜ਼ੀਆਂ ਦੇ ਮੁੱਲ ਲਗਾਤਾਰ ਵਧ ਰਹੇ ਹਨ। ਹਾਲਾਂਕਿ ਥੋਕ ਮੰਡੀਆਂ 'ਚ ਵਾਧਾ ਨਾ-ਮਾਤਰ ਦਾ ਹੈ ਪਰ ਖੁੱਲ੍ਹੇ ਬਾਜ਼ਾਰਾਂ 'ਚ ਕਈ ਸਬਜ਼ੀਆਂ ਦੇ ਮੁੱਲ 25 ਤੋਂ 35 ਰੁਪਏ ਤੱਕ ਵਧ ਚੁੱਕੇ ਹਨ। ਆਮ ਲੋਕ ਇਸ ਵਾਧੇ ਤੋਂ ਪ੍ਰੇਸ਼ਾਨ ਹਨ। ਆਜ਼ਾਦਪੁਰ ਮੰਡੀ ਦੇ ਥੋਕ ਵਪਾਰੀਆਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਮੁੱਲ 'ਚ ਪ੍ਰਤੀ ਕਿਲੋ 2 ਤੋਂ 3 ਰੁਪਏ ਦਾ ਹੀ ਵਾਧਾ ਹੋਇਆ ਹੈ। ਪ੍ਰਚੂਨ ਸਬਜ਼ੀ ਵਪਾਰੀਆਂ ਦੇ ਮਨਮਾਨੇ ਭਾਅ ਵਸੂਲਣ ਨਾਲ ਲੋਕਾਂ ਦਾ ਬਜਟ ਵਿਗੜ ਗਿਆ ਹੈ। 
ਲੋਕਾਂ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ਮਹਿੰਗੀਆਂ ਹੋਣ ਨਾਲ ਆਲੂ ਦੀ ਵਰਤੋਂ ਜ਼ਿਆਦਾ ਕੀਤੀ ਜਾ ਰਹੀ ਹੈ। ਇਸ ਨਾਲ ਬੱਚਿਆਂ ਨੂੰ ਜ਼ਰੂਰੀ ਵਿਟਾਮਿਨ ਅਤੇ ਪੌਸ਼ਕ ਤੱਤ ਨਹੀਂ ਮਿਲ ਪਾ ਰਹੇ ਹਨ। ਤਿਉਹਾਰੀ ਮੌਸਮ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਸਬਜ਼ੀ ਵਿਕਰੇਤਾਵਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਥੋਕ ਸਬਜ਼ੀ ਮੰਡੀਆਂ ਵਾਂਗ ਲੋਕਲ ਬਾਜ਼ਾਰਾਂ 'ਚ ਵੀ ਸਬਜ਼ੀਆਂ ਦੀਆਂ ਕੀਮਤਾਂ ਤੈਅ ਕਰਨੀਆਂ ਚਾਹੀਦੀਆਂ ਹਨ। 
ਆਜ਼ਾਦਪੁਰ ਮੰਡੀ ਵੈਜੀਟੇਬਲ ਟਰੇਡਰਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਨਿਲ ਮਲਹੋਤਰਾ ਨੇ ਦੱਸਿਆ ਕਿ ਹੁਣ ਸਬਜ਼ੀਆਂ ਦਾ ਮੌਸਮ ਹੈ। ਸਬਜ਼ੀਆਂ ਦੇ ਭਾਅ 'ਚ ਕੋਈ ਖਾਸ ਵਾਧਾ ਨਹੀਂ ਹੈ। ਹਰੀਆਂ ਸਬਜ਼ੀਆਂ ਸਸਤੀਆਂ ਹਨ। ਪ੍ਰਚੂਨ ਵਪਾਰੀਆਂ ਦਾ ਕਹਿਣਾ ਹੈ ਕਿ ਇਸ ਮੌਸਮ 'ਚ ਰੇਹੜੀ-ਫੜ੍ਹੀ ਲਾਉਣ ਦੇ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਰ ਤਿਉਹਾਰੀ ਮੌਸਮ 'ਚ ਸਬਜ਼ੀਆਂ ਅਤੇ ਫਲਾਂ ਦੇ ਮੁੱਲ ਵਧਾਉਣ ਦਾ ਇਕ ਰੁਝਾਨ ਚੱਲ ਪਿਆ ਹੈ। ਇਸ 'ਤੇ ਨਜ਼ਰ ਰੱਖਣ ਲਈ ਸਬੰਧਤ ਵਿਭਾਗ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ।


Related News