ਭਾਰਤ ’ਚ ਜੁਲਾਈ ’ਚ ਨਿਯੁਕਤੀਆਂ 12 ਫ਼ੀਸਦੀ ਵਧੀਆਂ, ਸਾਰੇ ਸੈਕਟਰਾਂ ’ਚ ਦਿਸਿਆ ਵਾਧਾ
Sunday, Aug 04, 2024 - 11:04 AM (IST)
ਨਵੀਂ ਦਿੱਲੀ (ਅਨਸ) - ਭਾਰਤ ’ਚ ਨਿਯੁਕਤੀਆਂ ਜੁਲਾਈ ’ਚ ਸਾਲਾਨਾ ਆਧਾਰ ’ਤੇ 12 ਫ਼ੀਸਦੀ ਵਧੀਆਂ ਹਨ। ਸਾਰੇ ਸੈਕਟਰਾਂ ’ਚ ਨਿਯੁਕਤੀਆਂ ’ਚ ਦੋਹਰੇ ਅੰਕ ’ਚ ਵਾਧਾ ਦੇਖਣ ਨੂੰ ਮਿਲਿਆ ਹੈ। ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ।
‘ਨੌਕਰੀ ਜਾਬਸਪੀਕ ਇੰਡੈਕਸ’ ਮੁਤਾਬਕ ਜੂਨ ਦੇ ਮੁਕਾਬਲੇ ਤਿਮਾਹੀ ਆਧਾਰ ’ਤੇ ਨਿਯੁਕਤੀਆਂ ’ਚ 11 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਫਾਰਮਾ ਅਤੇ ਬਾਇਓਟੈੱਕ ਸੈਕਟਰ ’ਚ ਸਾਲਾਨਾ ਆਧਾਰ ’ਤੇ 26 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸੈਕਟਰ ’ਚ ਬੜੌਦਾ ਅਤੇ ਹੈਦਰਾਬਾਦ ’ਚ ਨਿਯੁਕਤੀਆਂ ’ਚ ਕ੍ਰਮਵਾਰ 61 ਫ਼ੀਸਦੀ ਅਤੇ 39 ਫ਼ੀਸਦੀ ਦਾ ਵਾਧਾ ਹੋਇਆ ਹੈ।
ਉੱਥੇ ਹੀ, ਐੱਫ. ਐੱਮ. ਸੀ. ਜੀ. ਸੈਕਟਰ ’ਚ ਨਿਯੁਕਤੀਆਂ ’ਚ 26 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਸੈਕਟਰ ’ਚ ਬੈਂਗਲੁਰੂ ਅਤੇ ਕੋਲਕਾਤਾ ’ਚ ਨਿਯੁਕਤੀਆਂ ਕ੍ਰਮਵਾਰ 52 ਫ਼ੀਸਦੀ ਅਤੇ 43 ਫ਼ੀਸਦੀ ਵਧੀਆਂ ਹਨ। ਰੀਅਲ ਅਸਟੇਟ ਅਤੇ ਆਈ. ਟੀ. ਸੈਕਟਰ ’ਚ ਪਿਛਲੇ ਸਾਲ ਦੇ ਮੁਕਾਬਲੇ ਨਿਯੁਕਤੀਆਂ ’ਚ ਕ੍ਰਮਵਾਰ 23 ਫ਼ੀਸਦੀ ਅਤੇ 17 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਨੌਕਰੀ ਡਾਟ ਕਾਮ ਦੇ ਚੀਫ ਬਿਜ਼ਨੈੱਸ ਆਫਿਸਰ ਡਾ. ਪਵਨ ਗੋਇਲ ਨੇ ਕਿਹਾ ਕਿ ਇਹ ਪਹਿਲਾ ਮਹੀਨਾ ਹੈ, ਜਦੋਂ ਬਾਜ਼ਾਰ ’ਚ ਸਕਾਰਾਤਮਕ ਵਾਧਾ ਦੇਖਣ ਨੂੰ ਮਿਲਿਆ ਹੈ। ਇਹ ਸਾਰੇ ਸੈਕਟਰਾਂ ’ਚ ਫੈਲਿਆ ਹੋਇਆ ਹੈ। ਇਹ ਕਾਫ਼ੀ ਚੰਗਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਹ ਸਕਾਰਾਤਮਕ ਬਦਲਾਅ ਭਾਰਤ ’ਚ ਵ੍ਹਾਈਟ ਕਾਲਰ ਜਾਬਜ਼ ’ਚ ਉੱਨਤੀ ਦੀ ਇਕ ਸ਼ੁਰੂਆਤ ਹੋ ਸਕਦੀ ਹੈ।
ਰਿਪੋਰਟ ’ਚ ਅੱਗੇ ਕਿਹਾ ਗਿਆ ਕਿ ਮਸ਼ੀਨ ਲਰਨਿੰਗ ਇੰਜੀਨੀਅਰਸ, ਡਾਟਾ ਸਾਇੰਟਿਸਟ, ਬੀ. ਆਈ. ਮੈਨੇਜਰਜ਼ ਅਤੇ ਪ੍ਰੋਡਕਟ ਮੈਨੇਜਰਜ਼ ਦੀ ਮੰਗ ’ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ। ਦਿੱਲੀ-ਐੱਨ. ਸੀ. ਆਰ. ਅਤੇ ਹੈਦਰਾਬਾਦ ’ਚ ਨਿਯੁਕਤੀਆਂ ਕਾਰਨ ਗਲੋਬਲ ਕੰਪੀਟੈਂਸ ਸੈਂਟਰਜ਼ (ਜੀ. ਸੀ. ਸੀ.) ’ਚ ਸਾਲ-ਦਰ-ਸਾਲ 12 ਫ਼ੀਸਦੀ ਦਾ ਵਾਧਾ ਵੇਖਿਆ ਗਿਆ ਹੈ। ਗੁਜਰਾਤ ਲਗਾਤਾਰ ਨਿਯੁਕਤੀਆਂ ’ਚ ਵਾਧੇ ਦੀ ਅਗਵਾਈ ਕਰ ਰਿਹਾ ਹੈ। ਹੈਦਰਾਬਾਦ ਵੱਖ-ਵੱਖ ਸੈਕਟਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਇਕ ਹੱਬ ਦੇ ਰੂਪ ’ਚ ਵਿਕਸਤ ਹੋਇਆ ਹੈ।