ਸੇਬ ਹੋਣ ਜਾ ਰਹੇ ਨੇ ਸਸਤੇ, ਕੀਮਤਾਂ 'ਚ ਜਲਦ ਆਉਣ ਵਾਲੀ ਹੈ ਇੰਨੀ ਗਿਰਾਵਟ
Wednesday, Aug 04, 2021 - 01:33 PM (IST)
ਚੰਡੀਗੜ੍ਹ/ਸ਼ਿਮਲਾ- ਸੇਬਾਂ ਦੀ ਕੀਮਤ ਜਲਦ ਹੀ ਘਟਣ ਜਾ ਰਹੀ ਹੈ। ਬੀਤੇ 8 ਮਹੀਨਿਆਂ ਤੋਂ 200 ਰੁਪਏ ਪ੍ਰਤੀ ਕਿਲੋ ਤੋਂ ਉੱਪਰ ਵਿਕ ਰਹੇ ਸੇਬਾਂ ਦੀ ਕੀਮਤ ਵਿਚ ਹੁਣ ਰਾਹਤ ਮਿਲਣ ਵਾਲੀ ਹੈ। ਹਿਮਾਚਲ ਤੋਂ ਸੇਬ ਆਉਣੇ ਸ਼ੁਰੂ ਹੋ ਗਏ ਹਨ ਅਤੇ ਜਲਦ ਇਨ੍ਹਾਂ ਦੀ ਕੀਮਤ 30-50 ਰੁਪਏ ਪ੍ਰਤੀ ਕਿਲੋ ਤੱਕ ਡਿਗਣ ਵਾਲੀ ਹੈ। ਸਤੰਬਰ ਦੇ ਪਹਿਲੇ ਹਫ਼ਤੇ ਤੋਂ ਕਸ਼ਮੀਰੀ ਸੇਬ ਵੀ ਬਾਜ਼ਾਰ ਵਿਚ ਦਸਤਕ ਦੇਣ ਵਾਲਾ ਹੈ, ਇਸ ਨਾਲ ਕੀਮਤਾਂ ਵਿਤ ਹੋਰ ਵੀ ਕਮੀ ਆਵੇਗੀ।
ਹਿਮਾਚਲ ਦੇ ਛੇ ਜ਼ਿਲ੍ਹਿਆਂ- ਸ਼ਿਮਲਾ, ਕੁਲੂ, ਮੰਡੀ, ਚੰਬਾ, ਸਿਰਮੌਰ ਅਤੇ ਕਿਨੌਰ ਤੋਂ ਸੇਬਾਂ ਦੀ ਸਪਲਾਈ ਹੁੰਦੀ ਹੈ। ਸੂਬੇ ਵਿਚ ਸੇਬ ਦਾ ਮੌਸਮ 15 ਜੁਲਾਈ ਤੋਂ 31 ਅਕਤੂਬਰ ਹੁੰਦਾ ਹੈ। ਬਹਰਹਾਲ, ਮੰਡੀਆਂ ਵਿਚ ਹਿਮਾਚਲ ਦੇ ਸੇਬ ਦੀ ਸਪਲਾਈ ਵਧਣ ਲੱਗ ਗਈ ਹੈ। ਇਸ ਦੇ ਮੱਦੇਨਜ਼ਰ ਜਲਦ ਹੀ ਸੇਬ ਸਸਤੇ ਹੋਣਗੇ।
ਹਿਮਾਚਲ ਵਿਚ ਹਰ ਸਾਲ 3.5-3.7 ਕਰੋੜ ਪੇਟੀ (ਪ੍ਰਤੀ ਪੇਟੀ 20 ਕਿਲੋ) ਸੇਬ ਦਾ ਉਤਪਾਦਨ ਹੁੰਦਾ ਹੈ ਪਰ ਇਸ ਸਾਲ ਸੂਬੇ ਵਿਚ ਸੇਬ ਦਾ ਕੁੱਲ ਉਤਪਾਦਨ 3 ਕਰੋੜ ਪੇਟੀ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਸੇਬ ਹਿਮਾਚਲ ਪ੍ਰਦੇਸ਼ ਦੀ ਅਰਥਵਿਵਸਥਾ ਦਾ ਪ੍ਰਮੁੱਖ ਹਿੱਸਾ ਹੈ। ਇਹ ਸੂਬੇ ਦੀ ਜੀ. ਡੀ. ਪੀ. ਵਿਚ 5,000 ਕਰੋੜ ਰੁਪਏ ਦਾ ਯੋਗਦਾਨ ਦਿੰਦਾ ਹੈ। 1.12 ਲੱਖ ਉਤਪਾਦਕ ਸੇਬ ਬਾਗਬਾਨੀ ਨਾਲ ਜੁੜੇ ਹਨ।ਹਿਮਾਚਲ ਬਾਗਬਾਨੀ ਵਿਭਾਗ ਮੁਤਾਬਕ, ਇਸ ਸਾਲ ਪਿਛਲੇ ਸੀਜ਼ਨ ਤੋਂ 70-80 ਲੱਖ ਪੇਟੀ ਘੱਟ ਸੇਬ ਉਤਪਾਦਨ ਦੀ ਸੰਭਾਵਨਾ ਹੈ। ਇਸ ਕਾਰਨ ਰਾਇਲ ਤੇ ਰੈੱਡ ਗੋਲਡਨ ਸੇਬ 150 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਨਹੀਂ ਆਉਣਗੇ।