ਸੇਬ ਦੀਆਂ ਕੀਮਤਾਂ ਧੜੱਮ, ਇੰਨੇ ਹੋਏ ਸਸਤੇ, ਮੰਡੀਆਂ ''ਚ ਲੁੱਟ-ਖਸੁੱਟ ਬਰਕਰਾਰ

Wednesday, Aug 18, 2021 - 12:08 PM (IST)

ਸ਼ਿਮਲਾ, (ਦੇਵੇਂਦਰ ਹੇਟਾ)- ਸੇਬ ਦਾ ਬਾਜ਼ਾਰ ਅਚਾਨਕ ਧੜੱਮ ਹੋ ਗਿਆ ਹੈ। ਇਸ ਦੇ ਭਾਅ ’ਚ 10 ਤੋਂ 12 ਦਿਨਾਂ ਦੌਰਾਨ ਪ੍ਰਤੀ ਪੇਟੀ 800 ਤੋਂ 1,000 ਰੁਪਏ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। 2 ਹਫਤੇ ਪਹਿਲਾਂ ਤੱਕ ਚੰਗੀ ਦਰ ਵਾਲਾ ਵਧੀਆ ਕਿਸਮ ਦਾ ਰਾਇਲ ਸੇਬ 3,000 ਰੁਪਏ ਪ੍ਰਤੀ ਪੇਟੀ ਤੱਕ ਵਿਕ ਰਿਹਾ ਸੀ।

ਹੁਣ ਉਸ ਦੇ ਵਧ ਤੋਂ ਵਧ ਭਾਅ 2,000 ਰੁਪਏ ਪੇਟੀ ਮਿਲ ਪਾ ਰਹੇ ਹਨ, ਜਦੋਂਕਿ ਰਾਇਲ ਦੇ ਔਸਤ ਭਾਅ 1,200 ਤੋਂ 1,500 ਮਿਲ ਰਹੇ ਹਨ। ਇਸ ਨਾਲ ਬਾਗਬਾਨਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ ਕਿਉਂਕਿ ਸੇਬ ਦੀ ਤੁੜਾਈ, ਗਰੇਡਿੰਗ, ਪੈਕਿੰਗ, ਵਾਸ਼ਿੰਗ, ਢੁਆਈ ਅਤੇ ਮੰਡੀ ਤੱਕ ਖਰਚਾ ਚੁਕਾਉਣ ’ਤੇ ਬਾਗਬਾਨਾਂ ਨੂੰ ਪ੍ਰਤੀ ਪੇਟੀ 300 ਤੋਂ 400 ਰੁਪਏ ਤੱਕ ਦਾ ਖਰਚ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਸਾਲ ਭਰ ’ਚ ਹਜ਼ਾਰਾਂ ਰੁਪਏ ਖਾਦ, ਸਪਰੇਅ ਅਤੇ ਦਿਹਾੜੀ ਉੱਤੇ ਖਰਚ ਹੁੰਦੇ ਹਨ। ਮਹਿੰਗੀ ਪੈਕੇਜਿੰਗ ਸਮੱਗਰੀ ਨੇ ਪਹਿਲਾਂ ਹੀ ਬਾਗਬਾਨਾਂ ਦਾ ਲੱਕ ਤੋਡ਼ ਕੇ ਰੱਖਿਆ ਹੈ। ਹੁਣ ਬਚੀ ਕਸਰ ਮੰਡੀਆਂ ’ਚ ਲੁੱਟ, ਦੇਰੀ ਨਾਲ ਪੇਮੈਂਟ ਭੁਗਤਾਨ, 2.50 ਫੀਸਦੀ ਬੈਂਕ ਚਾਰਜਿਜ਼ ਬਾਗਬਾਨਾਂ ਤੋਂ ਕੱਟਣ, ਮਨਮਰਜ਼ੀ ਦੀ ਲੋਡਿੰਗ-ਅਣਲੋਡਿੰਗ ਚਾਰਜਿਜ਼ ਅਤੇ ਬਦਹਾਲ ਸੜਕਾਂ ਪੂਰੀ ਕਰ ਰਹੀਆਂ ਹਨ। ਇਸ ਨਾਲ ਬਾਗਬਾਨ ਤੰਗ ਆ ਚੁੱਕੇ ਹਨ।
 

ਗੜੇਮਾਰੀ ਵਾਲਾ ਸੇਬ ਕਿੱਥੇ ਲੈ ਕੇ ਜਾਣ ਬਾਗਬਾਨ
ਖਾਸ ਕਰ ਕੇ ਜਿਨ੍ਹਾਂ ਬਾਗਬਾਨਾਂ ’ਤੇ ਕੁਦਰਤ ਨੇ ਗੜੇਮਾਰੀ ਦੇ ਰੂਪ ’ਚ ਕਹਿਰ ਢਾਹਿਆ ਹੈ, ਉਨ੍ਹਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਚੁੱਕਣਾ ਪੈ ਰਿਹਾ ਹੈ। ਗੜੇਮਾਰੀ ਕਾਰਨ ਦਾਗੀ ਸੇਬ ਨੂੰ ਲੈਣ ਲਈ ਵੀ ਖਰੀਦਦਾਰ ਨਹੀਂ ਮਿਲ ਰਹੇ ਹਨ ਅਤੇ ਦਾਗੀ ਸੇਬ ਨੂੰ ਬੋਰੀਆਂ ’ਚ ਭਰਨ ਲਈ ਬਾਗਬਾਨਾਂ ’ਤੇ ਦਬਾਅ ਬਣਾ ਰਹੇ ਹਨ।

ਪਿੰਡ ਦੀਆਂ ਪਗਡੰਡੀਆਂ ਤੋਂ ਵੀ ਵੱਧ ਮਾੜੀਆਂ ਹੋਈਆਂ ਸੜਕਾਂ
ਪ੍ਰਦੇਸ਼ ’ਚ ਵਰਖਾ ਤੋਂ ਬਾਅਦ ਸੜਕਾਂ ਦੀ ਹਾਲਤ ਵੱਧ ਮਾੜੀ ਹੋ ਗਈ ਹੈ, ਜਿਸ ਨਾਲ ਸੇਬ ਨੂੰ ਮੰਡੀਆਂ ਤੱਕ ਪੰਹੁਚਾਉਣਾ ਚੁਣੌਤੀਭਰਪੂਰ ਹੋ ਗਿਆ ਹੈ। ਖਾਸ ਕਰ ਕੇ ਪੇਂਡੂ ਖੇਤਰਾਂ ਦੀਆਂ ਸੜਕਾਂ ਦੀ ਹਾਲਤ ਪਿੰਡ ਦੀਆਂ ਪਗਡੰਡੀਆਂ ਤੋਂ ਵੀ ਵੱਧ ਮਾੜੀ ਹੋ ਗਈ ਹੈ। ਕਈ ਖੇਤਰਾਂ ’ਚ ਨੈਸ਼ਨਲ ਹਾਈਵੇ ਦੀ ਵੀ ਹਾਲਤ ਤਰਸਯੋਗ ਬਣੀ ਹੋਈ ਹੈ। ਭੱਟਾਕੁਫਰ ਮੰਡੀ ’ਚ ਬੀਤੇ ਸਾਲ ਭਾਰੀ ਜ਼ਮੀਨ ਖਿਸਕੀ ਸੀ, ਜਿਸ ਨਾਲ ਮੰਡੀ ਦੀਆਂ ਇਕ ਦਰਜਨ ਦੁਕਾਨਾਂ ਦਬ ਗਈਆਂ ਸਨ। ਹੈਰਾਨੀ ਇਸ ਗੱਲ ਦੀ ਹੈ ਕਿ ਏ. ਪੀ. ਐੱਮ. ਸੀ. ਸ਼ਿਮਲਾ ਇਕ ਸਾਲ ਤੋਂ ਜ਼ਿਆਦਾ ਸਮਾਂ ਲੰਘਣ ਤੋਂ ਬਾਅਦ ਵੀ ਇਸ ਮਲਬੇ ਨੂੰ ਨਹੀਂ ਹਟਾ ਸਕਿਆ ਹੈ।

4200 ਕਰੋਡ਼ ਰੁਪਏ ਦਾ ਸੇਬ ਉਦਯੋਗ
ਸਤਿਆਨੰਦ ਸਟੋਕਸ ਨੇ 1918 ’ਚ ਅਮਰੀਕਾ ਤੋਂ ਸੇਬ ਦਾ ਬੂਟਾ ਲਿਆਉਣ ਤੋਂ ਬਾਅਦ ਕੋਟਗੜ੍ਹ ’ਚ ਇਸ ਦੀ ਖੇਤੀ ਸ਼ੁਰੂ ਕੀਤੀ। ਅੱਜ ਊਨਾ ਅਤੇ ਹਮੀਰਪੁਰ ਨੂੰ ਛੱਡ ਕੇ ਹੋਰ ਸਾਰੇ 10 ਜ਼ਿਲਿਆਂ ’ਚ ਸੇਬ ਦੀ ਫਸਲ ਹੋ ਰਹੀ ਹੈ। ਸੇਬ ਸੂਬੇ ਦੇ ਕੁਲ ਘਰੇਲੂ ਉਤਪਾਦ ’ਚ 4200 ਕਰੋਡ਼ ਰੁਪਏ ਤੋਂ ਵੀ ਜ਼ਿਆਦਾ ਦਾ ਯੋਗਦਾਨ ਦੇ ਰਿਹਾ ਹੈ। ਸੇਬ ਦੀ ਖੇਤੀ 1,25,000 ਹੈਕਟੇਅਰ ਖੇਤਰ ’ਚ ਕੀਤੀ ਜਾਣ ਲੱਗੀ ਹੈ। ਹਾਲਾਂਕਿ 65 ਫੀਸਦੀ ਤੋਂ ਜ਼ਿਆਦਾ ਸੇਬ ਅਜੇ ਇਕੱਲੇ ਸ਼ਿਮਲਾ ਜ਼ਿਲੇ ’ਚ ਉਗਾਇਆ ਜਾ ਰਿਹਾ ਹੈ। ਹਿਮਾਚਲ ’ਚ ਪ੍ਰਤੀ ਵਿਅਕਤੀ ਕਮਾਈ ਇਕ ਲੱਖ ਰੁਪਏ ਤੋਂ ਜ਼ਿਆਦਾ ਹੋਣ ਦੇ ਪਿੱਛੇ ਸੇਬ ਨੂੰ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਜਨਜਾਤੀਯ ਜ਼ਿਲਾ ਕਿਨੌਰ ਦਾ ਸੇਬ ਦੁਨੀਆ ਦਾ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਕਿਨੌਰੀ ਸੇਬ ਨੂੰ ਲੰਬੇ ਸਮੇਂ ਤੱਕ ਸਟੋਰ ’ਚ ਰੱਖਿਆ ਜਾ ਸਕਦਾ ਹੈ। ਇਹ ਖਾਣ ’ਚ ਬੇਹੱਦ ਸਵਾਦ ਅਤੇ ਬਹੁਤ ਜ਼ਿਆਦਾ ਜੂਸੀ ਹੈ।

ਬਾਗਬਾਨ ਸ਼ਿਕਾਇਤ ਕਰਨ, ਕਾਰਵਾਈ ਹੋਵੇਗੀ
ਜੇਕਰ ਕਿਤੋਂ ਕੋਈ ਲਿਖਤੀ ’ਚ ਸ਼ਿਕਾਇਤ ਕਰਦਾ ਹੈ ਤਾਂ ਨਿਸ਼ਚਿਤ ਤੌਰ ’ਤੇ ਕਾਰਵਾਈ ਕੀਤੀ ਜਾਵੇਗੀ। ਏ. ਪੀ. ਐੱਮ. ਸੀ. ਦੇ ਕਰਮਚਾਰੀ ਹਰ ਮੰਡੀ ’ਚ ਤਾਇਨਾਤ ਹਨ, ਉਨ੍ਹਾਂ ਕੋਲ ਵੀ ਬਾਗਬਾਨ ਸ਼ਿਕਾਇਤ ਕਰ ਸਕਦੇ ਹਨ। ਅਜਿਹੇ ਆੜ੍ਹਤੀਆਂ ਖਿਲਾਫ ਸਖਤ ਕਾਰਵਾਈ
ਕੀਤੀ ਜਾਵੇਗੀ। -ਓਮ ਪ੍ਰਕਾਸ਼, ਸਕੱਤਰ, ਏ. ਪੀ. ਐੱਮ. ਸੀ. ਸ਼ਿਮਲਾ


ਨਾਰਕੰਡਾ ਮੰਡੀ ’ਚ ਪ੍ਰਤੀ ਪੇਟੀ 20 ਰੁਪਏ ਕੱਟੇ ਜਾ ਰਹੇ ਹਨ। ਇਸ ਲੁੱਟ ਖਿਲਾਫ ਏ. ਪੀ. ਐੱਮ. ਸੀ. ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਬਾਗਬਾਨਾਂ ਨੂੰ ਕਈ-ਕਈ ਮਹੀਨਿਆਂ ਅਤੇ ਸਾਲਾਂ ਤੱਕ ਪੇਮੈਂਟ ਲਈ ਲੰਮਾ ਇੰਤਜ਼ਾਰ ਕਰਨਾ ਪੈ ਰਿਹਾ ਹੈ।
-ਬਸੰਤ ਲਾਲ, ਬਾਗਬਾਨ, ਥਾਨਾਧਾਰ

ਇਸ ਵਾਰ ਗੜੇਮਾਰੀ ਨੇ ਸੇਬ ਨੂੰ ਨੁਕਸਾਨ ਪਹੁੰਚਾਇਆ ਹੈ। ਆੜ੍ਹਤੀ ਗੜਿਆਂ ਨਾਲ ਦਾਗੀ ਸੇਬ ਲੈਣ ਤੋਂ ਮਨ੍ਹਾ ਕਰ ਰਹੇ ਹਨ। ਅਜਿਹੇ ’ਚ ਬਾਗਬਾਨ ਕਿੱਥੇ ਜਾਣਗੇ। -ਪ੍ਰਤਾਪ, ਬਾਗਬਾਨ, ਮਢਾਵਨੀ

ਪ੍ਰਦੇਸ਼ ਦੀਆਂ ਜ਼ਿਆਦਾਤਰ ਮੰਡੀਆਂ ’ਚ ਲੋਡਿੰਗ-ਅਣਲੋਡਿੰਗ ਦੇ ਨਾਂ ਉੱਤੇ ਏ. ਪੀ. ਐੱਮ. ਸੀ. ਵੱਲੋਂ ਤੈਅ ਦਰਾਂ ਤੋਂ ਜ਼ਿਆਦਾ ਵਸੂਲੀ ਕੀਤੀ ਜਾ ਰਹੀ ਹੈ। ਤੋਲੀਏ ਦੇ ਹੇਠਾਂ ਸੇਬ ਦੇ ਭਾਅ ਤੈਅ ਕਰ ਕੇ ਬਾਗਬਾਨ ਲੁੱਟੇ ਜਾ ਰਹੇ ਹਨ। -ਸੰਜੈ ਚੌਹਾਨ, ਬਾਗਬਾਨ ਅਤੇ ਸਕੱਤਰ ਕਿਸਾਨ ਸੰਘਰਸ਼ ਕਮੇਟੀ

ਮੰਡੀਆਂ ’ਚ ਆੜ੍ਹਤੀਆਂ ਕੋਲ ਸੇਬ ਉਤਾਰਨ ਲਈ ਸਮਰੱਥ ਜਗ੍ਹਾ ਨਹੀਂ ਹੈ। ਆੜ੍ਹਤੀਆਂ ਨੇ ਸੜਕ ਕੰਡੇ ਲੱਖਾਂ ਰੁਪਏ ਖਰਚ ਕਰ ਕੇ ਸਟੋਰ ਲੈ ਰੱਖੇ ਹਨ। ਇੱਥੇ ਵੀ ਜਦੋਂ ਟਰੈਫਿਕ ਜਾਮ ਲੱਗਦਾ ਹੈ ਤਾਂ ਪੁਲਸ ਆੜ੍ਹਤੀਆਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ। -ਐੱਨ. ਐੱਸ. ਚੌਧਰੀ, ਸੂਬਾ ਪ੍ਰਧਾਨ, ਆੜ੍ਹਤੀਆ ਐਸੋਸੀਏਸ਼ਨ

ਟਰਾਂਸਪੋਰਟਰਜ਼ ਨੂੰ ਦੁੱਗਣਾ ਕਿਰਾਇਆ
ਮੰਡੀਆਂ ’ਚ ਸੇਬ ਦੀ ਗੱਡੀ ਅਣਲੋਡ ਕਰਨ ’ਚ ਕਈ ਵਾਰ 10 ਤੋਂ 12 ਘੰਟੇ ਦਾ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਟਰਾਂਸਪੋਰਟਰਜ਼ ਨੂੰ ਕਿਰਾਇਆ ਵੀ ਦੁੱਗਣਾ ਦੇਣਾ ਪੈ ਰਿਹਾ ਹੈੈ। ਸੜਕਾਂ ਬਦਹਾਲ ਹੋਣ ਜਾਂ ਮੰਡੀਆਂ ’ਚ ਬੇਕਾਇਦਗੀ, ਭੁਗਤਾਨ ਤਾਂ ਹਰ ਹਾਲ ’ਚ ਬਾਗਬਾਨਾਂ ਨੂੰ ਹੀ ਕਰਨਾ ਹੈ। ਇਸੇ ਤਰ੍ਹਾਂ ਹੋਰ ਮੰਡੀਆਂ ’ਚ ਵੀ ਕਿਤੇ ਪ੍ਰਤੀ ਪੇਟੀ 2 ਰੁਪਏ, ਕਿਤੇ 4, ਤਾਂ ਕਿਤੇ 5 ਰੁਪਏ ਦੀ ਕਟੌਤੀ ਬਾਗਬਾਨਾਂ ਵੱਲੋਂ ਕੀਤੀ ਜਾ ਰਹੀ ਹੈ। ਕੁੱਝ ਮੰਡੀਆਂ ’ਚ ਸੇਬ ਦੀ ਓਪਨ ਬੋਲੀ ਨਾ ਲੱਗਣ ਨਾਲ ਵੀ ਬਾਗਬਾਨਾਂ ਨੂੰ ਠੱਗਿਆ ਜਾ ਰਿਹਾ ਹੈ। ਕਮਿਸ਼ਨ ਏਜੰਟ ਤੋਲੀਏ ਦੇ ਹੇਠਾਂ ਸੇਬ ਦੇ ਭਾਅ ਤੈਅ ਕਰ ਰਹੇ ਹਨ।


Sanjeev

Content Editor

Related News